

ਮਾਨਸਾ 4 ਅਗਸਤ (ਬਪਸ)ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਵਿਖੇ ਇੱਕ ਕਿਸਾਨ ਦੀ ਸੂਣ ਵਾਲੀ ਮੱਝ ਅਚਾਨਕ ਬਿਮਾਰ ਹੋ ਗਈ। ਉਸ ਕਿਸਾਨ ਹਰਦੀਪ ਸਿੰਘ ਨੇ ਆਪਣੀ ਮੱਝ ਦਾ ਇਲਾਜ ਕਰਾਉਣ ਲਈ ਪਸ਼ੂ ਹਸਪਤਾਲ ਦਲੇਲਵਾਲਾ’ ਬਰ੍ਹੇ, ਬੁਢਲਾਡਾ ਤੇ ਡਿਪਟੀ ਡਾਇਰੈਕਟਰ ਮਾਨਸਾ ਤੱਕ ਪਹੁੰਚ ਕੀਤੀ ਪਰ ਕਿਸੇ ਨੇ ਵੀ ਉਸ ਦੇ ਘਰ ਜਾ ਕੇ ਉਸ ਦੀ ਮੱਝ ਦਾ ਇਲਾਜ ਕਰਨਾ ਉੱਚਿਤ ਨਹੀਂ ਸਮਝਿਆ। ਪੱਤਰਕਾਰਾਂ ਨੂੰ ਜਾਣਕਾਰੀ ਦੰਦਿਆਂ ਹਰਦੀਪ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਮੱਝ ਸੂਣ ਵਾਲੀ ਸੀ ਕਿ ਅਚਾਨਕ ਮੱਝ ਨੂੰ ਭਾਰ ਪੈ ਗਿਆ ਤੇ ਮੱਝ ਦੀ ਹਾਲਤ ਖਰਾਬ ਹੋਣ ਲੱਗੀ। ਉਸ ਨੇ ਮੱਝ ਦੇ ਇਲਾਜ ਲਈ ਨੇੜਲੇ ਹਸਪਤਾਲ ਦਲੇਲਵਾਲਾ, ਬਰ੍ਹੇ ਬੁਢਲਾਡਾ ਅਤੇ ਡਿਪਟੀ ਡਾਇਰੈਕਟਰ ਮਾਨਸਾ ਤੱਕ ਵੀ ਪਹੁੰਚ ਕੀਤੀ ਪਰ ਕੋਈ ਵੀ ਡਾਕਟਰ ਜਾਂ ਡਾਕਟਰੀ ਅਮਲਾ ਉਸਦੇ ਘਰ ਮੱਝ ਦੀ ਹਾਲਤ ਦੇਖਣ ਲਈ ਨਹੀਂ ਪੁੱਜਿਆ। ਡਾਕਟਰੀ ਅਮਲਾ ਨਾ ਆਉਂਦਾ ਵੇਖ ਕੇ ਹਰਦੀਪ ਸਿੰਘ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦਾ ਨੰਬਰ ਲੈ ਕੇ ਉਸ ਨੂੰ ਵੀ ਕਾਲਾਂ ਕੀਤੀਆਂ ਪਰ ਕਿਸੇ ਨੇ ਫੋਨ ਫੋਨ ਹੀ ਨਹੀਂ ਚੁੱਕਿਆ । ਉਸ ਤੋਂ ਬਾਅਦ ਉਸ ਨੇ ਅੱਕ ਕੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਡਾਕਟਰਾਂ ਨੂੰ ਤੁਹਾਡੇ ਕੋਲ ਭੇਜਦੇ ਹਾਂ। ਪਰ ਖ਼ਬਰ ਲਿਖੇ ਜਾਣ ਤੱਕ ਡਾਕਟਰਾਂ ਦਾ ਕੋਈ ਵੀ ਅਮਲਾ ਪੀੜਤ ਦੇ ਘਰ ਨਹੀਂ ਪੁੱਜਿਆ। ਉਧਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਰੇ ਵੈਟਰਨਰੀ ਡਾਕਟਰਾਂ ਨੂੰ ਆਪਣੀ ਤਨਖਾਹ ਤੋਂ ਇਲਾਵਾ ਇੱਕ ਐਨ.ਪੀ.ਏ. (ਨਾਨ ਪ੍ਰੈਕਟਿਸ ਅਲਾਊਂਸ) ਦਿੱਤਾ ਜਾਂਦਾ ਹੈ। ਜਿਸ ਅਧੀਨ ਸਾਰੇ ਵੈਟਰਨਰੀ ਡਾਕਟਰ ਕਿਸੇ ਵੀ ਕਿਸਾਨ ਦਾ ਪਸ਼ੂ ਬਿਮਾਰ ਹੋਣ ਤੇ ਉਸ ਦੇ ਘਰੇ ਜਾ ਕੇ ਇਲਾਜ ਕਰਦੇ ਹਨ।ਦੱਸਿਆ ਜਾਂਦਾ ਹੈ ਕਿ ਇਹ ਨਾਨ ਪ੍ਰੈਕਟਿਸ ਅਲਾਊਂਸ 25000 ਰੁਪਏ ਤੋਂ ਲੈ ਕੇ 70000 ਹਜ਼ਾਰ ਰੁਪਏ ਤੱਕ ਪ੍ਰਤੀ ਮਹੀਨਾ ਤਨਖਾਹ ਤੋਂ ਵੱਖਰਾ ਮਿਲਦਾ ਹੈ।ਪਰ ਸਰਕਾਰ ਵੱਲੋਂ ਇਸ ਤਰ੍ਹਾਂ ਤਨਖਾਹ ਤੋਂ ਵੱਖਰਾ ਐਨ.ਪੀ.ਏ. ਫੰਡ ਮਿਲਣ ਦੇ ਬਾਵਜੂਦ ਵੀ ਪਸ਼ੂ ਹਸਪਤਾਲ ਨਾਲ ਸਬੰਧਤ ਡਾਕਟਰ ਕਿਸਾਨਾਂ ਦੇ ਪਸ਼ੂਆਂ ਦਾ ਘਰੇ ਜਾ ਕੇ ਇਲਾਜ ਹੀ ਨਹੀਂ ਕਰ ਰਹੇ।ਪੀੜਤ ਕਿਸਾਨ ਹਰਦੀਪ ਸਿੰਘ ਸਮੂਹ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਸੂਬਾ ਸਰਕਾਰ ਅਤੇ ਸਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਆਪਣੇ ਡਿਊਟੀ ਚ ਅਣਗਹਿਲੀ ਵਰਤਣ ਵਾਲੇ ਡਾਕਟਰਾਂ ਅਤੇ ਮੁਲਾਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।ਇਸ ਸਬੰਧੀ ਡਿਪਟੀ ਡਾਇਰੈਕਟਰ ਡਾ ਗੁਰਦੀਪ ਸਿੰਘ ਵਾਲੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਧਿਆਨ ਵਿਚ ਹੈ ਅਸੀਂ ਜਲਦੀ ਹੀ ਡਾਕਟਰ ਭੇਜ ਰਹੇ ਹਾਂ ਕਹਿ ਕੇ ਆਪਣਾ ਪੱਲਾ ਝਾੜ ਲਿਆ।






















