

ਸਰਦੂਲਗੜ੍ਹ,(ਸਾਰਾ ਯਹਾ,BPS)14 ਮਈ ਅਕਾਲੀ ਅਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਕਿਸਾਨ ਵਿਰੋਧੀ ਹਨ । ਇਨ੍ਹਾਂ ਦੀਆਂ ਸਰਕਾਰਾਂ ਦੌਰਾਨ ਕਿਸਾਨ ਵਿਰੋਧੀ ਗਲਤ ਨੀਤੀਆਂ ਕਾਰਨ ਅੱਜ ਸੂਬੇ ਦਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਇਹ ਵਿਚਾਰ ਹਨ ਖੁਦਕੁਸ਼ੀਆਂ ਤੋਂ ਪੀੜਤ ਲੋਕ ਸਭਾ ਹਲਕਾ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਵੀਰਪਾਲ ਕੌਰ ਰੱਲਾ ਦੇ ਜਿਨ੍ਹਾਂ ਅੱਜ ਹਲਕਾ ਸਰਦੂਲਗੜ੍ਹ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੁਣ ਤੱਕ ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਹਨ ਪਰ ਉਨ੍ਹਾਂ ਕਿਸਾਨਾਂ ਦੀਆਂ ਹੱਕੀ ਮੰਗਾਂ ਕਦੇ ਵੀ ਪੂਰੀਆਂ ਨਹੀਂ ਕੀਤੀਆਂ। ਕਿਸਾਨਾਂ ਨੂੰ ਫ਼ਸਲਾਂ ਦੇ ਉਚਿਤ ਮੁੱਲ ਨਹੀਂ ਦਿੱਤੇ ਗਏ। ਜਿਸ ਕਾਰਨ ਸੂਬੇ ਦਾ ਕਿਸਾਨ ਆਰਥਿਕ ਤੰਗੀ ਨਾਲ ਜੂਝਦਾ ਖ਼ੁਦਕੁਸ਼ੀਆਂ ਕਰ ਰਿਹਾ ਹੈ। ਖ਼ੁਦਕਸ਼ੀ ਪੀੜਤ ਪਰਿਵਾਰਾਂ ਦੀ ਸੂਬਾ ਸਰਕਾਰ ਕੋਈ ਸਾਰ ਨਹੀਂ ਲੈ ਰਹੀ। ਹੁਣ ਸਮਾਂ ਆ ਗਿਆ ਹੈ ਕਿ ਇਨ੍ਹਾਂ ਸਰਮਾਏਦਾਰ ਪਾਰਟੀਆਂ ਨੂੰ ਸਤਾ ਤੋ ਹਟਾਇਆ ਜਾਵੇ। ਲੋਕਾਂ ਨੂੰ ਸਬੋਧਨ ਕਰਦਿਆ ਕਿਸਾਨ-ਮਜ਼ਦੂਰ ਖ਼ੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਪੰਜਾਬ ਦੇ ਕਨਵੀਨਰ ਕਰਨਜੀਤ ਕੌਰ ਝੁਨੀਰ ਨੇ ਕਿਹਾ ਕਿ ਸਰਕਾਰਾਂ ਨੇ ਹਰੀ ਕ੍ਰਾਂਤੀ ਦਾ ਨਾਅਰਾ ਲਗਾਕੇ ਕਿਸਾਨਾਂ ਨੂੰ ਖੇਤੀ ਕਰਨ ਲਈ ਫਰਟੀਲਾਈਜ਼ਰ ਅਤੇ ਪੈਸਟੀਸਾਈਡ ਦੀ ਅੰਧਾਧੁੰਦ ਵਰਤੋਂ ਕਰਵਾਈ। ਜਿਸਦੇ ਨਤੀਜੇ ਵਜੋ ਜਿੱਥੇ ਮਾਲਵੇ ਦੀ ਨਰਮਾ ਪੱਟੀ ਇਲਾਕੇ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਚ ਵਾਧਾ ਹੋਇਆ ਉੱਥੇ ਹੀ ਕਿਸਾਨ ਅਤੇ ਮਜਦੂਰ ਆਰਥਿਕ ਤੰਗੀ ਦੀ ਮਾਰ ਹੇਠ ਆ ਗਏ। ਇਨ੍ਹਾਂ ਸਰਕਾਰਾਂ ਦੀਆਂ ਕਿਸਾਨ- ਮਜਦੂਰ ਵਿਰੋਧੀ ਗ਼ਲਤ ਨੀਤੀਆਂ ਕਾਰਨ ਆਰਥਿਕ ਤੰਗੀ ਨਾਲ ਜੂਝ ਰਹੇ ਕਿਸਾਨ ਅੱਜ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ ਪਰ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਹੀਂ ਫੜੀ। ਇੱਥੋਂ ਤੱਕ ਕਿ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਤੱਕ ਨਹੀਂ ਦਿੱਤਾ ਗਿਆ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਰਮਾਏਦਾਰ ਪਾਰਟੀਆਂ ਦਾ ਖਹਿੜਾ ਛੱਡ ਕੇ ਕਿਸਾਨਾਂ ਦੀ ਭਲਾਈ ਲਈ ਲੋਕ ਸਭਾ ਹਲਕਾ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਵੀਰਪਾਲ ਕੌਰ ਰੱਲਾ ਦੇ ਚੋਣ ਨਿਸ਼ਾਨ ਘੜੇ ਦਾ ਬਟਨ ਦਬਾਕੇ ਉਸ ਨੂੰ ਕਾਮਯਾਬ ਕਰੋ ਤਾਂ ਕਿ ਉਹ ਕਿਸਾਨਾਂ ਦੀਆਂ ਅਸਲੀ ਅਤੇ ਹੱਕੀ ਮੰਗਾਂ ਨੂੰ ਸੰਸਦ ਵਿੱਚ ਰੱਖ ਸਕਣ। ਕੈਪਸ਼ਨ: ਸਰਦੂਲਗੜ੍ਹ ਦੇ ਇੱਕ ਪਿੰਡ ਵਿੱਚ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਆਜ਼ਾਦ ਉਮੀਦਵਾਰ ਵੀਰਪਾਲ ਕੌਰ ਰੱਲਾ ।























