

ਫਗਵਾੜਾ 30 ਜੁਲਾਈ (ਸਾਰਾ ਯਹਾਂ/ਸ਼ਿਵ ਕੌੜਾ) ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੀ ਵਿਰੋਧਤਾ ਕਰਦਿਆਂ ਜਿਲ੍ਹਾ ਕਾਂਗਰਸ ਸਕੱਤਰ ਕਰਮਜੀਤ ਸਿੰਘ ਬਿੱਟੂ ਨੇ ਕਿਹਾ ਕਿ ਕਿਸਾਨਾਂ ਦੀ ਮਰਜੀ ਦੇ ਬਗੈਰ ਉਹਨਾਂ ਦੀਆਂ ਖੇਤੀ ਯੋਗ ਜਮੀਨਾਂ ਨੂੰ ਹਥਿਆਉਣਾ ਸਰਾਸਰ ਸਰਕਾਰੀ ਧੱਕੇਸ਼ਾਹੀ ਹੈ ਜਿਸਦਾ ਕਾਂਗਰਸ ਪਾਰਟੀ ਸਖ਼ਤ ਵਿਰੋਧ ਕਰਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਨਾਮ ਦੇ ਮੁੱਖ ਮੰਤਰੀ ਹਨ। ਅਸਲ ਵਿੱਚ ਸਰਕਾਰ ਦੀ ਵਾਗਡੋਰ ਅਰਵਿੰਦਰ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਹੱਥਾਂ ‘ਚ ਹੈ। ਜੋ ਪੰਜਾਬ ਦੇ ਮਾਮਲਿਆਂ ‘ਚ ਗੈਰ ਜਰੂਰੀ ਦਖਲ ਅੰਦਾਜੀ ਕਰ ਰਹੇ ਹਨ। ਕਾਂਗਰਸ ਪਾਰਟੀ ਅਜਿਹੀ ਕਿਸੇ ਹਰਕਤ ਨੂੰ ਬਰਦਾਸ਼ਤ ਨਹੀਂ ਕਰੇਗੀ ਜੋ ਪੰਜਾਬ ਵਿਰੋਧੀ ਜਾਂ ਕਿਸਾਨ ਵਿਰੋਧੀ ਹੋਵੇਗੀ। ਕਾਂਗਰਸੀ ਆਗੂ ਬਿੱਟੂ ਨੇ ਕਿਹਾ ਕਿ ਫਗਵਾੜਾ ਦੇ ਭੁੱਲਾਰਾਈ ਇਲਾਕੇ ਵਿੱਚ ਨਿਊ ਅਰਬਨ ਅਸਟੇਟ ਪ੍ਰੋਜੈਕਟ ਤਹਿਤ ਐਕੁਆਇਰ ਕੀਤੀ ਜਾ ਰਹੀ ਦੋ ਸੌ ਏਕੜ ਜ਼ਮੀਨ ਉਪਜਾਊ ਭੂਮੀ ਹੈ, ਜਿਸ ’ਤੇ ਪਿੰਡ ਵਾਸੀਆਂ ਦੀ ਰੋਜ਼ੀ-ਰੋਟੀ ਨਿਰਭਰ ਕਰਦੀ ਹੈ। ਪੇਂਡੂ ਖੇਤਰਾਂ ਦਾ ਇਸ ਤਰ੍ਹਾਂ ਸ਼ਹਿਰੀਕਰਨ ਨਾ ਸਿਰਫ਼ ਪੰਜਾਬ ਦੀ ਖੇਤੀਬਾੜੀ ਨੂੰ ਤਬਾਹ ਕਰ ਦੇਵੇਗਾ ਬਲਕਿ ਵਾਤਾਵਰਣ ਦੇ ਦ੍ਰਿਸ਼ਟੀਕੋਣ ਤੋਂ ਵੀ ਢੁਕਵਾਂ ਨਹੀਂ ਹੈ। ਜੇਕਰ ਪੰਜਾਬ ਭਰ ਵਿੱਚ ਇਸ ਤਰ੍ਹਾਂ ਪੇਂਡੂ ਖੇਤਰਾਂ ਵਿੱਚ ਰਿਹਾਇਸ਼ੀ ਕਲੋਨੀਆਂ ਬਣਾ ਕੇ ਸ਼ਹਿਰੀਕਰਨ ਕਰ ਦਿੱਤਾ ਗਿਆ ਤਾਂ ਪੰਜਾਬੀ ਸੱਭਿਆਚਾਰ ਆਪਣੀ ਪਹਿਚਾਣ ਗੁਆ ਦੇਵੇਗਾ। ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਵੀ ਹੈ, ਜਿੱਥੇ ਲੋਕਾਂ ਦੀ ਰੋਜ਼ੀ-ਰੋਟੀ ਮੁੱਖ ਤੌਰ ’ਤੇ ਖੇਤੀਬਾੜੀ ’ਤੇ ਨਿਰਭਰ ਕਰਦੀ ਹੈ। ਜੇਕਰ ਖੇਤ ਨਹੀਂ ਹੋਣਗੇ, ਤਾਂ ਖੇਤੀ ਕਿਵੇਂ ਹੋਵੇਗੀ? ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਵੀ ਕਿਸਾਨ ਵਿਰੋਧੀ ਯੋਜਨਾ ਦਾ ਡਟਵਾਂ ਵਿਰੋਧ ਕਰੇਗੀ।























