*ਕਿਸਾਨਾਂ ਨੂੰ ਦੋਸ਼ ਦੇਣ ਦੀ ਬਜਾਏ, ਸਰਕਾਰ ਪਰਾਲੀ ਦਾ ਖੁਦ ਪ੍ਰਬੰਧਨ ਕਰੇ – ਭਾਕਿਯੂ (ਏਕਤਾ) ਡਕੌਂਦਾ*

0
6

ਮਾਨਸਾ 13 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਬਲਾਕ ਦੇ ਪਿੰਡ ਖੜਕ ਸਿੰਘ ਵਾਲਾ ਵਿੱਚ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਮੀਟਿੰਗ ਕਰਵਾਈ ਗਈ । ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਪੰਜਾਬ ਦੀ ਮੌਜੂਦਾ ਕਿਸਾਨੀ ਦੀ ਹਾਲਤ ਉੱਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਸ਼ਾਸਕ ਸਰਕਾਰਾਂ ਨੂੰ ਇਸਦਾ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਲੋਕ ਝੋਨੇ ਦੇ ਬਦਲ ਦੀ ਲਗਾਤਾਰ ਮੰਗ ਕਰ ਰਹੇ ਹਨ ਪਰ ਸਰਕਾਰਾਂ ਵੱਲੋਂ ਨਵੀਂ ਖੇਤੀ ਨੀਤੀ ਜਾਰੀ ਨਾ ਕਰਨਾ ਅਤੇ ਬਦਲਵੀਆਂ ਫਸਲਾਂ ਉੱਤੇ ਉੱਚਿਤ ਭਾਅ ਨਾ ਦੇਣਾ, ਉਨ੍ਹਾਂ ਦੀ ਮਨਸ਼ਾ ਉੱਤੇ ਸ਼ੱਕ ਪੈਦਾ ਕਰਦਾ ਹੈ । ਉਨ੍ਹਾਂ ਕਿਹਾ ਕਿ ਐਨਜੀਟੀ ਦੀ ਰਿਪੋਰਟ ਦੇ ਆਧਾਰ ‘ਤੇ ਸੁਪਰੀਮ ਕੋਰਟ ਵੱਲੋਂ ਆਪਣੀਆਂ ਪਿਛਲੀਆਂ ਹਦਾਇਤਾਂ, ਜਿੰਨਾਂ ਵਿੱਚ 2 ਏਕੜ ਤੋਂ ਛੋਟੇ ਕਿਸਾਨਾਂ ਨੂੰ ਮੁਫ਼ਤ ਮਸ਼ੀਨਰੀ, 2 ਤੋਂ 5 ਏਕੜ ਵਾਲੇ ਕਿਸਾਨ ਨੂੰ 5 ਹਜ਼ਾਰ ਅਤੇ 5 ਕਿੱਲੇ ਤੋਂ ਉੱਪਰ ਵਾਲੇ ਕਿਸਾਨ ਨੂੰ 15 ਹਜਾਰ ਰੁਪਏ ਵਿੱਚ ਹੈਪੀ ਸੀਡਰ ਮੁਹੱਈਆ ਕਰਵਾਉਣ ਅਤੇ ਨਾਲ ਹੀ ਹਾਸ਼ੀਏ ਉੱਪਰ ਧੱਕੇ ਕਿਸਾਨਾਂ ਲਈ ਖੁੱਦ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਸਰਕਾਰ ਵੱਲੋਂ ਅਲਾਟ ਕੀਤੀ ਜਗ੍ਹਾ ਉੱਤੇ ਪਹੁੰਚ ਕਰਨੀ ਆਦਿ ਆਦੇਸ਼ਾਂ ਨੂੰ ਛਿੱਕੇ ਟੰਗ ਕੇ, ਹੁਣ ਦੇਸ਼ ਦੇ ਅੰਨਦਾਤੇ ਨੂੰ ਗ੍ਰਿਫ਼ਤਾਰੀਆਂ ਦਾ ਆਦੇਸ਼ ਦੇਣਾ ਅਤਿ ਮੰਦਭਾਗਾ ਹੈ । ਉਨ੍ਹਾਂ ਕਿਹਾ ਕਿ ਐਨਜੀਟੀ ਅਤੇ ਕੋਰਟ ਦੇ ਆਦੇਸ਼ਾਂ ਨੂੰ ਲਾਗੂ ਨਾ ਕਰਨ ਦੇ ਜੁਰਮ ਵਜੋਂ ਪਹਿਲਾਂ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਨਾ ਚਾਹੀਦਾ ਹੈ । ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ 500 ਕਰੋੜ ਰੁਪਏ ਦੀ ਐਲਾਨੀਆ ਰਾਸ਼ੀ ਨੂੰ ਆਟੇ ਵਿੱਚ ਲੂਣ ਬਰਾਬਰ ਦੱਸਦਿਆਂ ਕਿਹਾ ਕਿ ਜਥੇਬੰਦੀ ਦੀ ਮੰਗ ਹੈ ਕਿ ਕਿਸਾਨਾਂ ਨੂੰ ਪ੍ਰਤੀ ਕੁਇੰਟਲ 200 ਰੁਪਏ ਦੀ ਰਾਸ਼ੀ ਮੁਹੱਈਆ ਕੀਤੀ ਜਾਵੇ ਤਾਂ ਕਿ ਕਿਸਾਨ ਪਰਾਲੀ ਦੇ ਪ੍ਰਬੰਧਨ ਦਾ ਖੁਦ ਬੰਦੋਬਸਤ ਕਰ ਸਕਣ । ਉਨ੍ਹਾਂ ਕਿਹਾ ਕਿ ਸਰਕਾਰ ਅਤੇ ਜਿਲੇ ਨਾਲ ਸੰਬੰਧਤ ਅਧਿਕਾਰੀ ਫੌਰੀ ਮਸ਼ੀਨਾਂ ਭੇਜ ਕੇ ਪਰਾਲੀ ਦਾ ਪ੍ਰਬੰਧਨ ਕਰਨ ਵਿੱਚ ਜੁੱਟ ਜਾਣ ਤਾਂ ਕਿ ਕਿਸਾਨ ਸਮੇਂ ਸਿਰ ਕਣਕ ਦੀ ਬਿਜਾਈ ਕਰ ਸਕਣ । ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਸਰਕਾਰ ਸਹਾਇਤਾ ਰਾਸ਼ੀ ਮੁਹੱਈਆ ਕਰਵਾਉਣ ਜਾਂ ਖੁਦ ਪ੍ਰਬੰਧਨ ਕਰਨ ਦੀ ਬਜਾਏ, ਇਕੱਲਾ ਕਿਸਾਨਾਂ ਨੂੰ ਖੇਤਾਂ ਵਿੱਚ ਜ਼ਲੀਲ ਕਰਦੀ ਹੈ ਤਾਂ ਜਥੇਬੰਦੀ ਵੱਲੋਂ ਇਸਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ । ਇਸ ਮੌਕੇ ਜਸਵਿੰਦਰ ਸਿੰਘ, ਸਿੰਦਰ ਸਿੰਘ, ਨਿਰਮਲ ਸਿੰਘ, ਮਲਕੀਤ ਸਿੰਘ, ਜਰਨੈਲ ਸਿੰਘ, ਮੱਖਣ ਸਿੰਘ ਅਤੇ ਤੇਜਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਹਾਜ਼ਰ ਰਹੇ ।

LEAVE A REPLY

Please enter your comment!
Please enter your name here