

ਚੰਡੀਗੜ੍ਹ— ਜਲਦ ਹੀ ਪੰਜਾਬ ਦੇ ਕਿਸਾਨਾਂ ਦੇ ਚਿਹਰੇ ‘ਤੇ ਰੌਣਕ ਦੇਖਣ ਨੂੰ ਮਿਲ ਸਕਦੀ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ ਇਕ ਵਾਰ ਫਿਰ ਮਿਡਲ ਈਸਟ ਦੇਸ਼ਾਂ ‘ਚ ਸਬਜ਼ੀਆਂ ਆਦਿ ਭੇਜਣ ਲਈ ਭਾਰਤੀ ਹਵਾਈ ਅੱਡਾ ਅਥਾਰਟੀ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਅੰਮ੍ਰਿਤਸਰ ‘ਚ ਹਵਾਈ ਅੱਡਾ ਅਥਾਰਟੀ, ਵੱਖ-ਵੱਖ ਜਹਾਜ਼ ਕੰਪਨੀਆਂ ਦੇ ਅਧਿਕਾਰੀਆਂ, ਕਿਸਾਨਾਂ ਅਤੇ ਬਰਾਮਦਕਾਰਾਂ ਦੀ ਇਕ ਮੀਟਿੰਗ ਹੋਈ ਹੈ। ਜਾਣਕਾਰੀ ਮੁਤਾਬਕ ਦੋ ਘੰਟੇ ਤੋਂ ਵਧ ਚੱਲੀ ਮੀਟਿੰਗ ‘ਚ ਇਹ ਫੈਸਲਾ ਕੀਤਾ ਗਿਆ ਕਿ ਅਥਾਰਟੀ ਜਲਦ ਹੀ ਅੰਮ੍ਰਿਤਸਰ ‘ਚ ਨੋਡਲ ਅਧਿਕਾਰੀ ਨਿਯੁਕਤ ਕਰੇਗੀ, ਜੋ ਹਰ ਮਹੀਨੇ ਕਿਸਾਨਾਂ, ਇੰਡਸਟਰੀ ਅਤੇ ਬਰਾਮਦਕਾਰਾਂ ਨਾਲ ਮੀਟਿੰਗ ਕਰਕੇ ਸਮੱਸਿਆਵਾਂ ਨੂੰ ਦੂਰ ਕਰੇਗਾ।
ਮਿਡਲ ਈਸਟ ਦੇਸ਼ਾਂ ‘ਚ ਮਟਰ, ਭਿੰਡੀ, ਹਰੀ ਮਿਰਚ, ਘੀਆ, ਅੰਬ, ਧਨੀਆ, ਕਰੇਲਾ ਆਦਿ ਦੀ ਭਾਰੀ ਮੰਗ ਹੈ। 2009-10 ‘ਚ ਤਾਂ ਸਿਰਫ ਅੰਮ੍ਰਿਤਸਰ ਕਾਰਗੋ ਤੋਂ ਹੀ 900 ਟਨ ਤਕ ਸਬਜ਼ੀਆਂ ਅਤੇ ਫਲ ਬਾਹਰ ਭੇਜੇ ਗਏ ਸਨ। ਇਨ੍ਹਾਂ ਸਬਜ਼ੀਆਂ ਦੀ ਸਭ ਤੋਂ ਮੰਗ ਲੰਡਨ ‘ਚ ਹੈ। ਪਹਿਲਾਂ ਕਈ ਸਾਲਾਂ ਤਕ ਅੰਮ੍ਰਿਤਸਰ ਕਾਰਗੋ ਚੱਲਦਾ ਰਿਹਾ ਪਰ ਇਹ 29 ਮਈ 2014 ਤੋਂ ਬੰਦ ਹੋ ਗਿਆ ਸੀ ਕਿਉਂਕਿ ਇਨ੍ਹਾਂ ਮਾਰਗਾਂ ‘ਤੇ ਚੱਲਣ ਵਾਲੀਆਂ ਕਈ ਉਡਾਣਾਂ ਬੰਦ ਹੋ ਗਈਆਂ ਸਨ। ਅੰਮ੍ਰਿਤਸਰ ‘ਚ ਕਾਰਗੋ ਫਿਰ ਤੋਂ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਇਸ ਦਾ ਕਾਫੀ ਫਾਇਦਾ ਮਿਲ ਸਕਦਾ ਹੈ। ਅੰਮ੍ਰਿਤਸਰ ‘ਚ ਹੋਈ ਮੀਟਿੰਗ ‘ਚ ਏਅਰ ਇੰਡੀਆ, ਤੁਰਕੇਮਨਿਸਤਾਨ, ਉਜਬੇਕਿਸਤਾਨ, ਸਕਾਟ ਏਅਰ, ਸਪਾਈਸ ਜੈੱਟ, ਕਤਰ ਏਅਰ ਅਤੇ ਮਲਿੰਡ ਏਅਰ ਦੇ ਪ੍ਰਤੀਨਿਧੀ ਕਾਰਗੋ ਸ਼ੁਰੂ ਹੋਣ ‘ਤੇ ਆਪਣੀਆਂ ਸੇਵਾਵਾਂ ਦੇਣ ਨੂੰ ਤਿਆਰ ਦਿਖਾਈ ਦਿੱਤੇ। ਮੌਜੂਦਾ ਸਮੇਂ ਸਬਜ਼ੀਆਂ ਨੂੰ ਛੱਡ ਕੇ ਕਈ ਹੋਰ ਸਾਮਾਨ, ਜਿਨ੍ਹਾਂ ‘ਚ ਰੈਡੀਮੇਡ ਗਾਰਮੈਂਟਸ, ਖੇਡਾਂ ਦਾ ਸਾਮਾਨ ਆਦਿ ਸ਼ਾਮਲ ਹਨ ਇੱਥੋਂ ਬਰਾਮਦ ਕੀਤੇ ਜਾ ਰਹੇ ਹਨ।
EDITED BY : SARA YAHA | | Last Updated : 7:35 pm 1 september 2018























