

ਫਗਵਾੜਾ 13 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਦਾ ਇਕ ਵਫਦ ਅੱਜ ਵਿਧਾਨਸਭਾ ਹਲਕਾ ਸ਼ਹਿਰੀ ਦੇ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਮੇਅਰ ਰਾਮਪਾਲ ਉੱਪਲ ਅਤੇ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਨੂੰ ਮਿਲਿਆ। ਵਫਦ ਵਲੋਂ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨਸਭਾ ਅਤੇ ਲੋਕਸਭਾ ਚੋਣਾਂ ਸਮੇਂ ਫਗਵਾੜਾ ਨੂੰ ਜਿਲ੍ਹੇ ਦਾ ਦਰਜਾ ਦੇਣ ਦੇ ਕੀਤੇ ਐਲਾਨ ਦੀ ਯਾਦ ਦੁਆਉਂਦੇ ਹੋਏ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਫਗਵਾੜਾ ਨੂੰ ਜਿਲ੍ਹੇ ਦਾ ਦਰਜਾ ਦੁਆਇਆ ਜਾਵੇ। ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਨੇ ਮੇਅਰ ਰਾਮਪਾਲ ਉੱਪਲ ਤੋਂ ਮੰਗ ਕੀਤੀ ਕਿ ਕਾਰਪੋਰੇਸ਼ਨ ਦੀ ਪਹਿਲੀ ਮੀਟਿੰਗ ਵਿਚ ਫਗਵਾੜਾ ਨੂੰ ਜਿਲ੍ਹੇ ਦਾ ਦਰਜਾ ਦੇਣ ਦਾ ਮਤਾ ਪਾਇਆ ਜਾਵੇ। ਖੁਰਾਣਾ ਨੇ ਕਿਹਾ ਕਿ ਫਗਵਾੜਾ ਦੇ ਲੋਕ ਬਹੁਤ ਦੇਰ ਤੋਂ ਜ਼ਿਲੇ ਦਾ ਦਰਜਾ ਦੇਣ ਦੀ ਮੰਗ ਕਰਦੇ ਆ ਰਹੇ ਹਨ। ਕਿਉਂਕਿ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੀ ਇਕ ਤਹਿਸੀਲ ਹੈ, ਜੋ ਕਿ ਕਿਸੇ ਵੀ ਪਾਸਿਉਂ ਕਪੂਰਥਲਾ ਦੀ ਹੱਦ ਨਾਲ ਜੁੜਿਆ ਨਹੀਂ ਹੈ। ਜ਼ਿਲ੍ਹੇ ਨਾਲ ਸਬੰਧਿਤ ਕੰਮਾਂ ਲਈ ਫਗਵਾੜਾ ਵਾਸੀਆਂ ਨੂੰ ਨਾ ਸਿਰਫ ਲੰਮਾ ਸਫਰ ਤੈਅ ਕਰਕੇ ਜਾਣਾ ਪੈਂਦਾ ਹੈ ਬਲਕਿ ਪੂਰਾ ਜਲੰਧਰ ਸ਼ਹਿਰ ਲੰਘ ਕੇ ਜਾਣਾ ਪੈਂਦਾ ਹੈ। ਸਿਵਲ ਪ੍ਰਸ਼ਾਸਨ ਜ਼ਿਲ੍ਹਾ ਅਦਾਲਤ, ਜ਼ਿਲ੍ਹਾ ਪੁਲਿਸ, ਜ਼ਿਲਾ ਖਜ਼ਾਨਾ ਦਫ਼ਤਰ, ਕੋ-ਅਪਰੇਟਿਵ ਬੈਂਕ, ਲੋਕ ਭਲਾਈ ਸਕੀਮਾਂ ਜਿਵੇ ਕਿ ਪੈਨਸ਼ਨਾਂ, ਵਿਦਿਆਰਥੀ ਵਜ਼ੀਫ਼ੇ ਆਦਿ ਨਾਲ ਸਬੰਧਿਤ ਕੰਮਾਂ ਲਈ ਸਮਾਜ ਦੇ ਲਗਭਗ ਹਰੇਕ ਵਰਗ ਨੂੰ ਆਪਣੇ ਮੋਜੂਦਾ ਜ਼ਿਲ੍ਹੇ ਤੱਕ ਪਹੁੰਚ ਕਰਨ ਲਈ ਆਪਣੇ ਸਮੇਂ ਅਤੇ ਪੈਸੇ ਦਾ ਇਕ ਵੱਡਾ ਹਿੱਸਾ ਖਰਚ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਵਿਕਾਸ ਦੇ ਪਹਿਲੂ ਤੋਂ ਸ਼ਹਿਰ ਫਗਵਾੜਾ ਪੰਜਾਬ ਦੇ ਕਿਸੇ ਵੀ ਸ਼ਹਿਰ ਨਾਲੋਂ ਘੱਟ ਨਹੀਂ ਹੈ। ਫਗਵਾੜਾ ਜਿੱਥੇ ਪੂਰੇ ਭਾਰਤ ਨੂੰ ਸੜ੍ਹਕੀ ਮਾਰਗ ਰਾਹੀਂ ਜੋੜਨ ਵਾਲੇ ਜੀ.ਟੀ ਰੋਡ ਉਪੱਰ ਸਥਿਤ ਹੈ, ਉੱਥੇ ਹੀ ਫਗਵਾੜਾ ਦਾ ਰੇਲਵੇ ਸਟੇਸ਼ਨ ਸ਼ਹਿਰ ਨੂੰ ਭਾਰਤ ਦੇ ਹਰ ਖੇਤਰ ਨਾਲ ਅਸਾਨੀ ਨਾਲ ਜੋੜਨ ਦਾ ਇਕ ਵੱਡਾ ਜ਼ਰੀਆ ਹੈ। ਤਕਰੀਬਨ ਸਾਰੀਆਂ ਹੀ ਮਹੱਤਵਪੂਰਨ ਰੇਲ ਗੱਡੀਆਂ ਦਾ ਠਹਿਰਾਅ ਫਗਵਾੜਾ ਜ਼ੰਕਸ਼ਨ ਵਿਖੇ ਹੁੰਦਾ ਹੈ। ਇਸ ਮੋਕੇ ਚੰਦੀ ਨੇ ਕਿਹਾ ਕੇ ਐਨ.ਆਰ.ਆਈਜ਼, ਦੀ ਇਕ ਵੱਡੀ ਗਿਣਤੀ ਫਗਵਾੜਾ ਸ਼ਹਿਰ ਅਤੇ ਆਸ-ਪਾਸ ਦੇ ਇਕ ਵੱਡੇ ਇਲਾਕੇ ਨਾਲ ਸਬੰਧਿਤ ਹੈ। ਜਿਹਨਾਂ ਨੂੰ ਵੀ ਜਿਲ੍ਹੇ ਨਾਲ ਸਬੰਧਤ ਕੰਮ ਕਰਵਾਉਣ ਲਈ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਹੈ। ਉਹਨਾਂ ਕਿਹਾ ਕਿ ਫਗਵਾੜਾ ਸ਼ਹਿਰ ਦੇ ਜ਼ਿਲਾ ਬਣਨ ਨਾਲ ਇਸ ਨਾਲ ਜੁੜੇ ਸਮਾਜ ਦੇ ਹਰੇਕ ਵਰਗ ਦੀ ਸਮੇਂ ਅਤੇ ਪੈਸੇ ਦੀ ਵੱਡਮੁੱਲੀ ਬਚੱਤ ਹੋਵੇਗੀ। ਫਗਵਾੜਾ ਦਾ ਚੌਤਰਫਾ ਵਿਕਾਸ ਹੋ ਸਕੇਗਾ। ਕਿਉਂਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਜ਼ਿਲਿਆਂ ਨੂੰ ਜੋ ਗ੍ਰਾਂਟਾਂ ਮਿਲਦੀਆਂ ਹਨ ਉਹ ਫਗਵਾੜਾ ਨੂੰ ਵੀ ਮਿਲ ਸਕਣਗੀਆਂ। ਇਸ ਮੋਕੇ ਖੁਰਾਣਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਪਹਿਲਾਂ ਇਸ ਸਬੰਧੀ ਐਸ.ਡੀ.ਐਮ ਫਗਵਾੜਾ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ। ਉਹਨਾਂ ਨੇ ਮੇਅਰ ਰਾਮਪਾਲ ਉੱਪਲ ਸਮੇਤ ਸਾਰੀਆਂ ਪਾਰਟੀਆ ਦੇ ਸਮੂਹ ਕੌਂਸਲਰਾਂ ਤੋਂ ਮੰਗ ਕੀਤੀ ਕਿ ਨਗਰ ਨਿਗਮ ਦੀ ਪਹਿਲੀ ਮੀਟਿੰਗ ਵਿਚ ਇਸ ਸਬੰਧੀ ਮਤਾ ਪਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇ ਤਾਂ ਜੋ ਲੰਬੇ ਸਮੇਂ ਤੋਂ ਫਗਵਾੜਾ ਵਾਸੀਆਂ ਦੀ ਜ਼ਿਲਾ ਬਣਾਉਣ ਦੀ ਮੰਗ ਪੂਰੀ ਹੋ ਸਕੇ। ਇਸ ਮੌਕੇ ਪ੍ਰਿਤਪਾਲ ਸਿੰਘ ਮੰਗਾ ਕੋਸਲਰ, ਬੀਬੀ ਸਰਬਜੀਤ ਕੋਰ ਸਾਬਕਾ ਕੋਸਲਰ , ਹਰਵਿੰਦਰ ਸਿੰਘ ਵਾਲੀਆਂ, ਸਰੂਪ ਸਿੰਘ ਖਲਵਾੜਾ, ਕੁਲਵਿੰਦਰ ਸਿੰਘ ਕਿੰਦਾ ਸਾਬਕਾ ਕੋਸਲਰ, ਸਤਵਿੰਦਰ ਸਿੰਘ ਘੁਮਣ, ਬਹਾਦਰ ਸਿੰਘ ਸੰਗਤਪੁਰਾ, ਸੁਖਬੀਰ ਸਿੰਘ ਕਿੰਨੜਾ, ਕਮਲਜੀਤ ਕੋਰ ਕੋਸਲਰ, ਗੁਰਮੁਖ ਸਿੰਘ ਚਾਨਾ, ਪਰਮਿੰਦਰ ਸਿੰਘ ਜੰਡੂ, ਸਰਬਜੀਤ ਸਿੰਘ ਕਾਕਾ, ਹਰਜੋਤ ਸਿੰਘ ਪਾਹਵਾ , ਸੁਖਦੀਪ ਸਿੰਘ ਵਾਲੀਆਂ, ਜਸਵਿੰਦਰ ਸਿੰਘ ਭਗਤਪੁਰਾ, ਬਲਵੀਰ ਸਿੰਘ, ਰੋਹਿਤ ਪਾਲ, ਪ੍ਰਦੀਪ ਸਿੰਘ , ਵਿਸੂ, ਤੋ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।























