

ਮਾਨਸਾ 4 ਦਸੰਬਰ (ਸਾਰਾ ਯਹਾਂ/ਜਗਤਾਰ ਧੰਜਲ) : ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਨਾ ਕਰਨ ਨੂੰ ਲੈਕੇ ਹੰਗਾਮਾ ਹੋ ਗਿਆ। ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਬਸਪਾ ਨੇ ਐਸਡੀਐਮ ਦਫ਼ਤਰ ਮਾਨਸਾ ਅੱਗੇ ਧਰਨਾ ਲਾਕੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪਰਿਸ਼ਦ ਦੇ ਕਾਂਗਰਸ,ਭਾਜਪਾ ਅਤੇ ਬਸਪਾ ਦੇ 6 ਉਮੀਦਵਾਰਾਂ ਦੇ ਕਾਗਜ਼ ਜਾਣ-ਬੁੱਝਕੇ ਦਾਖ਼ਲ ਨਹੀਂ ਕੀਤੇ, ਉਹ ਸਮਾਂ ਰਹਿੰਦੇ ਦਫ਼ਤਰ ਅੰਦਰ ਦਾਖ਼ਲ ਹੋ ਗਏ ਸੀ, ਪਰ ਬਾਅਦ ਵਿੱਚ ਐਸਡੀਐਮ ਉਥੋਂ ਉਠਕੇ ਚਲੇ ਗਏ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਬੁਢਲਾਡਾ ਤੋਂ ਇੰਚਾਰਜ ਡਾ. ਰਣਵੀਰ ਕੌਰ ਮੀਆਂ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਲਈ ਕੁਲਰੀਆਂ ਤੋਂ ਤਰਸੇਮ ਸਿੰਘ, ਬੋੜਾਵਾਲ ਤੋਂ ਸੁਖਚੈਨ ਸਿੰਘ,ਬੱਛੋਆਣਾ ਤੋਂ ਗਗਨਦੀਪ ਕੌਰ, ਭਾਜਪਾ ਦੇ ਦੋ ਉਮੀਦਵਾਰ ਨੰਗਲ ਤੋਂ ਅਮਰਜੀਤ ਸਿੰਘ, ਭੀਖੀ ਤੋਂ ਗੁਰਤੇਜ਼ ਸਿੰਘ ਅਤੇ ਬਸਪਾ ਦੇ ਇੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਭਰਨ ਲਈ 2:45 ਵਜੇ ਦਫ਼ਤਰ ਅੰਦਰ ਦਾਖ਼ਲ ਹੋ ਗਏ। ਉਨ੍ਹਾਂ ਦੱਸਿਆ ਕਿ ਇੱਕ ਉਮੀਦਵਾਰ ਦੇ ਕਾਗਜ਼ ਵੀ ਫੜ੍ਹ ਲਏ ਗਏ, ਪਰ ਅਚਾਨਕ ਹੀ ਐਸਡੀਐਮ ਨੂੰ ਕਿਸੇ ਦਾ ਫੋਨ ਆਇਆ ਅਤੇ ਉਹ ਉਠਕੇ ਚਲੇ ਗਏ। ਬਾਅਦ ਵਿੱਚ ਕਹਿ ਦਿੱਤਾ ਗਿਆ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਸਮਾਂ ਲੰਘ ਚੁੱਕਿਆ ਹੈ ਅਤੇ ਹੁਣ ਇਹ ਕਾਗਜ਼ ਨਹੀਂ ਭਰੇ ਜਾ ਸਕਦੇ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਦੇ ਇਸ਼ਾਰੇ ’ਤੇ ਅਧਿਕਾਰੀਆਂ ਨੂੰ ਆਦੇਸ਼ ਕਰਕੇ ਇਹ ਨਾਮਜ਼ਦਗੀਆਂ ਜਾਣ-ਬੁੱਝਕੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਹੀਂ ਭਰਨ ਦਿੱਤੀਆਂ ਗਈਆਂ ਅਤੇ ਨਾ ਹੀ ਉਨ੍ਹਾਂ ਦੀ ਦਫ਼ਤਰ ਦੇ ਬਾਹਰ ਧਰਨਾ ਲਾਕੇ ਬੈਠਿਆਂ ਦੀ ਕੋਈ ਗੱਲ ਸੁਣੀ ਗਈ ਹੈ।
ਕਗਾਂਰਸ ਦੇ ਡਾ. ਰਣਵੀਰ ਕੌਰ ਮੀਆਂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ, ਰਾਮ ਚੰਦਰ, ਜੈਪਾਲ ਸਿੰਘ, ਵਿਨੋਦ ਭੰਮਾ,ਜਗਤਾਰ ਸਿੰਘ ਭੀਖੀ, ਨੇ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਦੇ ਖਿਲਾਫ਼ ਉਹ ਮਾਣਯੋਗ ਹਾਈਕੋਰਟ ਵਿੱਚ ਕਾਨੂੰਨੀ ਲੜਾਈ ਲੜਨਗੇ। ਹਨ੍ਹੇਰਾ ਹੋਣ ਤੱਕ ਧਰਨਾਕਾਰੀ ਐਸਡੀਐਮ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਕਰਦੇ ਰਹੇ।
ਇਸ ਮੌਕੇ ਜੁਗਰਾਜ ਸਿੰਘ ਬਰੇਟਾ,ਕੁਲਵਿੰਦਰ ਸਿੰਘ ਦਿਆਲਪੁਰਾ,ਕੁਲਦੀਪ ਸਿੰਘ ਆਦਿ ਮੌਜੂਦ ਸਨ।
ਉਧਰ ਮਾਨਸਾ ਦੇ ਐਸਡੀਐਮ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਭਰਨ ਦਾ ਸਮਾਂ ਪੂਰਾ ਹੋਣ ਉਪਰੰਤ ਕਿਸੇ ਦੇ ਕਾਗਜ਼ ਦਾਖ਼ਲ ਨਹੀਂ ਕੀਤੇ ਜਾ ਸਕਦੇ।






















