

ਮਾਨਸਾ, 25 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) : ਮਾਨਸਾ ’ਚ ਕਣਕ ਦੀ ਢੋਆ-ਢੋਆਈ ਕਰ ਰਹੇ ਇੱਕ ਮਜ਼ਦੂਰ ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ ਹੋਣ ਦਾ ਮਾਮਲਾ ਭਖਿਆ ਗਿਆ ਹੈ।ਮਜ਼ਦੂਰ ਜਥੇਬੰਦੀਆਂ ਅਤੇ ਪਰਿਵਾਰ ਮੈਂਬਰਾਂ ਨੇ ਨੌਜਵਾਨ ਦੀ ਕੁੱਟਮਾਰ ਕਰਕੇ ਉਸਦਾ ਕਤਲ ਕਰ ਦੇਣ ਦੀ ਸ਼ੰਕਾ ਜਿਤਾਈ ਹੈ, ਜਦੋਂ ਕਿ ਪੁਲੀਸ ਇਸ ਨੂੰ ਇੱਕ ਸੜਕ ਦੁਰਘਟਨਾ ਦੱਸੀ ਰਹੀ ਹੈ।
ਬੁੱਧਵਾਰ ਦੀ ਦੇਰ ਸ਼ਾਮ ਮਜ਼ਦੂਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਨੌਜ਼ਵਾਨ ਦੀ ਇਸ ਮੌਤ ਨੂੰ ਲੈਕੇ ਖਿਆਲਾ ਰੋਡ ਸਥਿਤ ਇੱਕ ਫੈਕਟਰੀ ਅਤੇ ਬਾਅਦ ਵਿੱਚ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਨੌਜਵਾਨਾਂ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਦਲਿਤ ਦਸਤਾਨ ਵਿਰੋਧੀ ਅੰਦੋਲਨ ਦੇ ਆਗੂ ਜਗਸੀਰ ਸਿੰਘ ਸੀਰਾ, ਪਿੰਡ ਦੇਲਲ ਸਿੰਘ ਵਾਲਾ ਦੇ ਸਾਬਕਾ ਸਰਪੰਚ ਅਮਰੀਕ ਸਿੰਘ,ਮੌਜੂਦਾ ਸਰਪੰਚ ਹਰਦੀਪ ਸਿੰਘ, ਟਰੈਕਟਰ-ਟਰਾਲੀ ਯੂਨੀਅਨ ਦੇ ਪ੍ਰਧਾਨ ਲਵਪ੍ਰੀਤ ਸਿੰਘ ਨੇ ਕਿਹਾ ਕਿ ਇੱਕ ਸਰਕਾਰੀ ਏਜੰਸੀ ਵੱਲੋਂ ਨੌਜਵਾਨ ਗੁਰਜੰਟ ਸਿੰਘ (22) ਵਾਸੀ ਪਿੰਡ ਦਲੇਲ ਸਿੰਘ ਵਾਲਾ (ਮਾਨਸਾ) ਕਣਕ ਦੀ ਢੋਆ-ਢੋਆਈ ਲਈ ਬੁਲਾਇਆ ਗਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁੱਝ ਵਿਅਕਤੀਆਂ ਨੇ ਇਹ ਸਰਕਾਰੀ ਕਣਕ ਇੱਕ ਪ੍ਰਾਈਵੇਟ ਫੈਕਟਰੀ ਵਿੱਚ ਉਤਾਰਨ ਦਾ ਦਬਾਅ ਬਣਾਇਆ, ਜਿਸ ਤੋਂ ਨੌਜਵਾਨ ਨੇ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਐਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸਦੀ ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਮੌਤ ਹੋ ਗਈ।
ਜਗਸੀਰ ਸਿੰਘ ਸੀਰਾ ਨੇ ਕਿਹਾ ਕਿ ਇਸ ਲਈ ਕਥਿਤ ਤੌਰ ’ਤੇ ਕੁੱਝ ਪੁਲੀਸ ਮੁਲਾਜ਼ਮ ਅਤੇ ਸਰਕਾਰੀ ਖਰੀਦ ਏਜੰਸੀ ਦੇ ਅਧਿਕਾਰੀ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਪੁਲੀਸ ਇਸ ਪੂਰੇ ਮਾਮਲੇ ਦੀ ਜਾਂਚ-ਪੜਤਾਲ ਕਰਕੇ ਇਨ੍ਹਾਂ ਮੁਲਾਜ਼ਮਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਤੱਕ ਕਸੂਰਵਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾਂਦਾ, ਉਨੀ ਦੇਰ ਉਹ ਮਿ੍ਰਤਕ ਨੌਜ਼ਵਾਨ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਮਿ੍ਰਤਕ ਗੁਰਜੰਟ ਸਿੰਘ ਲਾਸ਼ ਨੂੰ ਸਿਵਲ ਹਸਪਤਾਲ ਮਾਨਸਾ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਨੌਜਵਾਨ ਮੌਤ ਪਹਿਲਾਂ ਕਿਸੇ ਹੋਰ ਜਗ੍ਹਾ ’ਤੇ ਸੜਕ ਦੁਰਘਟਨਾ ਵਿੱਚ ਹੋਈ ਦੱਸਿਆ ਗਿਆ ਹੈ।
ਠੂਠਿਆਂਵਾਲੀ ਪੁਲੀਸ ਚੌਂਕੀ ਦੇ ਇੰਚਾਰਜ ਏ.ਐਸ.ਆਈ ਮੱਖਣ ਸਿੰਘ ਨੇ ਦੱਸਿਆ ਕਿ ਨੌਜ਼ਵਾਨ ਦੀ ਮੌਤ ਇੱਕ ਸੜਕ ਦੁਰਘਟਨਾ ਹੈ ਅਤੇ ਉਸਦੀ ਮੌਤ ਟਰੈਕਟਰ-ਟਰਾਲੀ ਹੇਠਾਂ ਆਉਣ ਕਰਕੇ ਹੋਈ ਅਤੇ ਪੁਲੀਸ ਇਸ ’ਤੇ ਆਪਣੀ ਕਾਰਵਾਈ ਕਰ ਰਹੀ ਹੈ।























