

ਜਲੰਧਰ — ਜਲੰਧਰ ਦੇ ਭੀੜਭਾੜ ਵਾਲੇ ਇਲਾਕੇ ‘ਚ ਸਥਿਤ ਥਾਣਾ ਮਕਸੂਦਾਂ ‘ਚ ਸ਼ੁੱਕਰਵਾਰ ਦੇਰ ਸ਼ਾਮ ਕਰੀਬ ਸਾਢੇ 7 ਵਜੇ ਅਚਾਨਕ ਹੋਏ 4 ਬੰਬ ਧਮਾਕਿਆਂ ਦੀ ਜਾਂਚ ਲਈ ਪਹੁੰਚੀ ਫੋਰੈਂਸਿਕ ਸਾਇੰਸ ਲੈਬੋਰੇਟਰੀ ਨੇ ਅੱਜ ਕਈ ਘੰਟੇ ਜਾਂਚ ਕਰਨ ਤੋਂ ਬਾਅਦ ਖੁਲਾਸਾ ਕੀਤਾ ਹੈ ਕਿ ਕੁਝ ਹੀ ਦੇਰ ‘ਚ ਰਾਸ਼ਟਰੀ ਸੁਰੱਖਿਆ ਗਾਰਡ (ਐੱਨ. ਐੱਸ. ਜੀ) ਦੀ ਟੀਮ ਪਹੁੰਚ ਰਹੀ ਹੈ ਅਤੇ ਉਹ ਹੀ ਦੱਸਗੀ ਕਿ ਇਹ ਧਮਾਕੇ ਕਿਉਂ ਹੋਏ ਹਨ। ਏਜੰਸੀਆਂ ਪਹੁੰਚ ਚੁੱਕੀਆਂ ਹਨ। ਇਸ ਦੌਰਾਨ ਆਈ. ਜੀ. ਨੌਨਿਹਾਲ ਵੀ ਮੌਜੂਦ ਹਨ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਦੇਰ ਸ਼ਾਮ ਥਾਣਾ ਮਕਸੂਦਾਂ ‘ਚ ਪੁਲਸ ਮੁਲਾਜ਼ਮ ਡਿਊਟੀ ‘ਤੇ ਤਾਇਨਾਤ ਸਨ ਕਿ ਅਚਾਨਕ ਹੀ ਅੰਦਰੋਂ ਇਕ ਤੋਂ 4 ਧਮਾਕੇ ਹੋਏ। ਇਸ ਨਾਲ ਥਾਣਾ ਮਕਸੂਦਾਂ ਦੇ ਇੰਚਾਰਜ ਰਮਨਦੀਪ ਸਿੰਘ, ਮੰਡ ਚੌਕੀ ਦਾ ਪੁਲਸ ਮੁਲਾਜ਼ਮ ਪਰਮਿੰਦਰ ਸਿੰਘ ਅਤੇ ਥਾਣੇ ਦਾ ਸੰਤਰੀ ਜ਼ਖਮੀ ਹੋ ਗਏ ਸਨ। ਮੌਕੇ ‘ਤੇ ਥਾਣੇ ਦੇ ਬਾਹਰ ਬੈਠਾ ਇਕ ਵਿਅਕਤੀ ਰਾਜੀਵ ਨੇ ਦੱਸਿਆ ਕਿ ਅਚਾਨਕ ਹੀ ਥਾਣੇ ਦੇ ਅੰਦਰ ਹੋਏ ਧਕਾਕਿਆਂ ਤੋਂ ਬਾਅਦ ਪੂਰਾ ਥਾਣਾ ਧੂੰਏਂ ਨਾਲ ਭਰ ਗਿਆ। ਧਮਾਕਿਆਂ ਦੀ ਆਵਾਜ਼ 2 ਕਿਲੋਮੀਟਰ ਤੱਕ ਦੂਰ ਲੋਕਾਂ ਨੇ ਸੁਣੀ।
ਧਮਾਕਿਆਂ ਦੌਰਾਨ ਥਾਣੇ ‘ਚ ਲੱਗੇ ਸ਼ੀਸ਼ੇ ਦੇ ਦਰਵਾਜ਼ੇ ਅਤੇ ਖਿੜਕੀਆਂ ਟੁੱਟ ਗਈਆਂ ਅਤੇ ਥਾਣੇ ਦੇ ਅੰਦਰ ਖੜ੍ਹੇ ਕਈ ਵਾਹਨ ਨੁਕਸਾਨੇ ਗਏ। ਬੰਬ ਬਲਾਸਟ ਤੋਂ ਬਾਅਦ ਪੰਜਾਬ ਪੁਲਸ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਖੁਦ ਜਾਂਚ ਲਈ ਪਹੁੰਚੇ ਸਨ। ਹਮਲੇ ਦੇ ਪਿੱਛੇ ਅੱਤਵਾਦੀ ਸੰਗਠਨ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਦੱਸਿਆ ਕਿ ਬੰਬ ਧਮਾਕਿਆਂ ਦੇ ਪਿੱਛੇ ਅੱਤਵਾਦੀ ਸੰਗਠਨ ਦਾ ਹੱਥ ਹੋ ਸਕਦਾ ਹੈ।




EDITED BY : SARA YAHA | | Last Updated : 7:15 pm 15 September 2018























