

ਮਾਨਸਾ 22 ਅਗਸਤ (ਸਾਰਾ ਯਹਾਂ/ਜਗਤਾਰ ਧੰਜਲ) —- ਲੋਕਾਂ ਦੀ ਸਿਹਤ ਨਾਲ ਮਿਲਾਵਟੀ ਅਤੇ ਘਟੀਆ ਵਸਤਾਂ ਦੀ ਵਰਤੋਂ ਤੇ ਸਪਲਾਈ ਨਾਲ ਨੁਕਸਾਨ ਹੁੰਦਾ ਹੈ। ਇਸ ਨੂੰ ਸਭ ਭਲੀ-ਭਾਂਤ ਜਾਣਦੇ ਹੋਏ ਵੀ ਇਨ੍ਹਾਂ ਵਸਤਾਂ ਤੇ ਨਾ ਕੋਈ ਰੋਕ ਲਗਾਈ ਜਾ ਸਕੀ ਅਤੇ ਨਾ ਹੀ ਇਨ੍ਹਾਂ ਨੂੰ ਖਤਮ ਕੀਤਾ ਜਾ ਸਕਿਆ। ਹੁਣ ਜਿੱਥੇ ਕਈ ਸੂਬਿਆਂ ਵਿੱਚ ਸਕੂਲਾਂ ਵਿੱਚ ਐਨਰਜ਼ੀ ਡਰਿੰਕ ਵਿਕਣ, ਵੇਚਣ ਅਤੇ ਸੇਵਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉੱਥੇ ਕਈ ਥਾਵਾਂ ਅਤੇ ਦੁਕਾਨਾਂ ਤੇ ਬੱਚਿਆਂ ਨੂੰ ਐਨਰਜ਼ੀ ਡਰਿੰਕ ਦੇ ਨਾਮ ਤੇ ਦਿੱਤੇ ਜਾ ਰਹੇ ਠੰਢੇ ਉਨ੍ਹਾਂ ਲਈ ਜ਼ਹਿਰ ਬਣ ਰਹੇ ਹਨ। ਸ਼ਹਿਰ ਦੀਆਂ ਦੁਕਾਨਾਂ ਤੇ ਠੰਢੇ-ਮਿੱਠੇ ਪਦਾਰਥਾਂ ਦੇ ਨਾਮ ਤੇ ਬੱਚਿਆਂ ਨੂੰ ਦਿਵਾਏ ਜਾ ਰਹੇ ਐਨਰਜ਼ੀ ਡਰਿੰਕ ਜਿੱਥੇ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਉੱਥੇ ਉਨ੍ਹਾਂ ਦੇ ਭਵਿੱਖ ਨੂੰ ਵੀ ਤਬਾਹ ਕਰਨ ਦਾ ਰਾਹ ਖੋਲ੍ਹ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵੱਡੀ ਤਦਾਦ ਵਿੱਚ ਨਾਮੀ ਕੰਪਨੀਆਂ ਵੱਲੋਂ ਬੱਚਿਆਂ ਲਈ ਪੋਸ਼ਟਿਕ ਦੱਸ ਕੇ ਪਰੋਸੇ ਜਾ ਰਹੇ ਐਨਰਜ਼ੀ ਡਰਿੰਕ ਅਸਲ ਵਿੱਚ ਜ਼ਹਿਰ ਬਣ ਰਹੇ ਹਨ। ਡਾਕਟਰਾਂ ਅਨੁਸਾਰ ਇਨ੍ਹਾਂ ਐਨਰਜ਼ੀ ਡਰਿੰਕਸ ਦੇ ਤਿਆਰ ਕਰਨ ਅਤੇ ਇਨ੍ਹਾਂ ਵਿੱਚ ਕਿਹੜੇ ਪਦਾਰਥ ਮਿਲਾਏ ਜਾਂਦੇ ਹਨ। ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਬਲਕਿ ਇਨ੍ਹਾਂ ਨੂੰ ਠੰਢੇ ਅਤੇ ਸਵਾਦਿਸ਼ਟ ਬਣਾ ਕੇ ਸ਼ਹਿਰ ਦੀਆਂ ਦੁਕਾਨਾਂ ਤੇ ਛੋਟੀਆਂ ਅਤੇ ਵੱਡੀਆਂ ਬੋਤਲਾਂ ਵਿੱਚ ਇਸ ਡਰਿੰਕਸ ਦੀ ਵੱਡੀ ਤਦਾਦ ਵਿੱਚ ਸਪਲਾਈ ਹੋ ਰਹੀ ਹੈ। ਹਾਲੇ ਤੱਕ ਪੰਜਾਬ ਸਰਕਾਰ ਨੇ ਇਸ ਪ੍ਰਤੀ ਕੋਈ ਵੀ ਸਖਤ ਆਦੇਸ਼ ਨਹੀਂ ਦਿੱਤੇ। ਇੱਕਾ-ਦੁੱਕਾ ਕਾਰਵਾਈਆਂ ਦੇ ਬਾਵਜੂਦ ਇਸ ਠੰਢੇ ਦੀ ਧੜੱਲੇ ਨਾਲ ਹੋ ਰਹੀ ਵਿੱਕਰੀ ਸਾਡੇ ਪੰਜਾਬ ਦੇ ਬੱਚਿਆਂ, ਭਵਿੱਖ ਨੂੰ ਬਿਮਾਰੀਆਂ ਦੇ ਮੂੰਹ ਵਿੱਚ ਲਿਜਾ ਰਹੇ ਹਨ।
ਐਡਵੋਕੇਟ ਬਲਕਰਨ ਸਿੰਘ ਬੱਲੀ ਦਾ ਕਹਿਣਾ ਹੈ ਕਿ ਇਨ੍ਹਾਂ ਠੰਢੇ ਪਦਾਰਥਾਂ ਅਤੇ ਐਨਰਜ਼ੀ ਡਰਿੰਕਾਂ ਤੇ ਮੁਕੰਮਲ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਪੰਜਾਬ ਕਿਸੇ ਵੇਲੇ ਦੁੱਧ, ਦਹੀਂ ਅਤੇ ਮੱਖਣ, ਸ਼ੁੱਧ ਖਾਣ-ਪੀਣ, ਨਰੋਈ ਸਿਹਤ ਵਾਲੇ ਗੱਭਰੂਆਂ ਕਰਕੇ ਪਹਿਚਾਣਿਆ ਜਾਂਦਾ ਸੀ। ਪਰ ਅੱਜ ਬੱਚੇ ਅਤੇ ਨੌਜਵਾਨ ਇਸ ਤੋਂ ਦੂਰ ਹੋ ਕੇ ਬਜ਼ਾਰੀ ਵਸਤਾਂ ਤੇ ਨਿਰਭਰ ਹੋ ਰਹੇ ਹਨ। ਜਿਸ ਦੀ ਆੜ ਵਿੱਚ ਇਹ ਸਭ ਕੁਝ ਬੱਚਿਆਂ ਅਤੇ ਨੌਜਵਾਨਾਂ ਨੂੰ ਪਰੋਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਵਧ ਰਹੀ ਤੇਜ਼ ਰਫਤਾਰ ਜ਼ਿੰਦਗੀ ਅਤੇ ਕਿਸੇ ਕੋਲ ਕੋਈ ਸਮਾਂ ਨਾ ਹੋਣਾ ਵੀ ਹੈ। ਇੱਕ ਇਹ ਵੀ ਕਾਰਨ ਸਾਹਮਣੇ ਆਇਆ ਹੈ ਕਿ ਬੱਚੇ ਬੰਦ ਪੈਕੇਟ ਪਦਾਰਥ ਅਤੇ ਐਨਰਜ਼ੀ ਡਰਿੰਕ ਪੀਣ ਲਈ ਹਰ ਸੰਭਵ ਯਤਨ ਕਰਦੇ ਹਨ ਅਤੇ ਮਾਪੇ ਉਨ੍ਹਾਂ ਦੀ ਇਸ ਮੰਗ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਨੂੰ ਇਹ ਸਭ ਕੁਝ ਆਪਣੇ ਹੱਥੀ ਪਰੋਸ ਕੇ ਦੇ ਰਹੇ ਹਨ। ਜੋ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਹੈ।























