ਏ.ਆਈ.ਜੀ ਅਸ਼ੀਸ਼ ਕਪੂਰ ਨੇ ਦੇਸ਼ ਦਾ ਨਾਂ ਕੀਤਾ ਰੌਸ਼ਨ, ਵਿਸ਼ਵ ਪੁਲਿਸ ਖੇਡਾਂ ‘ਚ ਜਿੱਤੇ 2 ਸੋਨ ਤਮਗੇ

0
16

ਚੰਡੀਗੜ੍ਹ, (ਸਾਰਾ ਯਹਾ,(ਬਲਜੀਤ ਸ਼ਰਮਾ) 17 ਅਗਸਤ : ਚੀਨ ਦੇ ਸ਼ਹਿਰ ਚੇਂਗਦੂ ਵਿਖੇ ਹੋਈਆਂ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ (ਡਬਲਯੂ.ਪੀ..ਐਫ.ਜੀ) ਦੌਰਾਨ ਪੰਜਾਬ ਵਿਜੀਲੈਂਸ ਬਿਓਰੋ ਏ.ਆਈ.ਜੀ. ਅਸ਼ੀਸ਼ ਕਪੂਰ ਨੇ ਟੈਨਿਸ ਮੁਕਾਬਲਿਆਂ ਵਿਚ 2 ਸੋਨ ਤਮਗੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨਾਂ ਨੇ ਟੈਨਿਸ ਦੇ ਸਿੰਗਲਜ਼ ਅਤੇ ਡਬਲਜ਼ ਵਰਗ ਵਿੱਚ ਆਪਣੇ ਵਿਰੋਧੀਆਂ ਨੂੰ ਅਸਾਨੀ ਨਾਲ ਹਰਾ ਕੇ ਸੋਨੇ ਦੇ ਤਮਗੇ ਜਿੱਤੇ ਹਨ।

ਜ਼ਿਕਰਯੋਗ ਹੈ ਕਿ ਡਬਲਯੂ.ਪੀ.ਐਫ.ਜੀ. ਖੇਡਾਂ ਹਰ ਦੋ ਸਾਲਾਂ ਬਾਅਦ ਹੁੰਦੀਆਂ ਹਨ ਅਤੇ ਇਨਾਂ ਮੁਕਾਬਲਿਆਂ ਵਿਚ ਦੁਨੀਆਂ ਭਰ ਦੇ ਪੁਲਿਸ ਅਤੇ ਫਾਇਰ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਿੱਸਾ ਲੈਂਦੇ ਹਨ ਜਿੰਨਾਂ ਲਈ ਇਹ ਖੇਡਾਂ ਇੱਕ ਕਿਸਮ ਦੀਆਂ ਮਿੰਨੀ ਓਲੰਪਿਕ ਵਰਗੀਆਂ ਹੁੰਦੀਆਂ ਹਨ।

ਇਸ ਸਬੰਧੀ ਇੱਕ ਬਿਆਨ ਵਿੱਚ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਏ.ਆਈ.ਜੀ. ਕਪੂਰ ਨੇ ਉਕਤ ਖੇਡਾਂ ਵਿਚ ਲਗਾਤਾਰ ਚੌਥੀ ਵਾਰ ਸੋਨ ਤਮਗੇ ਜਿੱਤ ਕੇ ਦੇਸ਼ ਅਤੇ ਪੰਜਾਬ ਪੁਲਿਸ ਦਾ ਨਾਂ ਰੌਸ਼ਨ ਕੀਤਾ ਹੈ। ਸਾਲ 2009 ਦੌਰਾਨ ਉਹਨਾਂ ਵੈਨਕੂਵਰ (ਕੈਨੇਡਾ) ਵਿੱਚ ਹੋਈਆਂ ਡਬਲਯੂ.ਪੀ.ਐਫ.ਜੀ ਖੇਡਾਂ ਵਿਚ ਪਹਿਲੀ ਵਾਰ ਟੈਨਿਸ ਸਿੰਗਲਜ਼ ਵਿੱਚ ਕਾਂਸੇ ਦਾ ਤਮਗਾ, ਸਾਲ 2011 ਨਿਊਯਾਰਕ (ਅਮਰੀਕਾ) ਵਿਚ ਚਾਂਦੀ ਦਾ ਤਗਮਾ, ਸਾਲ 2013 ਦੌਰਾਨ ਬੈਲਫਾਸਟ (ਆਇਰਲੈਂਡ), ਸਾਲ 2015 ਫੇਅਰਫੈਕਸ (ਅਮਰੀਕਾ) ਅਤੇ ਸਾਲ 2017 ਲਾਸ ਏਂਜਲਸ (ਅਮਰੀਕਾ) ਵਿਚ ਲਗਾਤਾਰ ਸੋਨ ਤਮਗੇ ਜਿੱਤੇ ਸਨ।

ਜ਼ਿਕਰਯੋਗ ਹੈ ਕਿ ਅਸ਼ੀਸ ਕਪੂਰ ਪਿਛਲੇ 15 ਸਾਲਾਂ ਤੋਂ ਟੈਨਿਸ ਸਿੰਗਲਜ਼ ਵਿਚ ਆਲ ਇੰਡੀਆ ਪੁਲਿਸ ਖੇਡਾਂ ਦੇ ਚੈਂਪੀਅਨ ਹਨ ਅਤੇ ਉਹ ਬੇਹਤਰੀਨ ਰੈਂਕਿੰਗ ਵਾਲੇ ਖਿਡਾਰੀ ਹਨ।

LEAVE A REPLY

Please enter your comment!
Please enter your name here