

ਮਾਨਸਾ, 09 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਜ਼ੀਰੋ ਬਰਨਿੰਗ ਦੇ ਟੀਚੇ ਨੂੰ ਸਫਲ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐਸ. ਨੇ ਜਿ਼ਲ੍ਹੇ ਦੇ ਉਦਯੋਗਿਕ ਇਕਾਈਆਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਪੰਜਾਬ ਸਰਕਾਰ ਬਹੁਤ ਗੰਭੀਰ ਹੈ ਅਤੇ ਜਿ਼ਲ੍ਹਾ ਮਾਨਸਾ ਵਿੱਚ ਝੋਨੇ ਦੀ ਪਰਾਲੀ ਦੇ ਅਗੇਤੇ ਪ੍ਰਬੰਧਾਂ ਅਧੀਨ ਐਕਸ਼ਨ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇੰਡਸਟਰੀ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਸਿਰਫ਼ ਮਾਨਸਾ ਜਿ਼ਲ੍ਹੇ ਵਿੱਚੋਂ ਹੀ ਪਰਾਲੀ ਚੁੱਕਣ ਤਾਂ ਜੋ ਮਾਨਸਾ ਨੂੰ ਰੋਲ ਮਾਡਲ ਜਿ਼ਲ੍ਹਾ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਜਿ਼ਲ੍ਹੇ ਵਿੱਚ ਜਿਹੜੇ ਬੇਲਰ ਚੱਲਣੇ ਹਨ, ਉਨ੍ਹਾਂ ਦੇ ਮਾਲਕਾਂ ਨਾਲ ਰਾਬਤਾ ਕਰਕੇ ਪਿੰਡ ਵਾਰ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਮਾਨਸਾ ਪਰਾਲੀ ਦੇ ਐਕਸ ਸਿਟੂ ਪ੍ਰਬੰਧਨ ਵਿੱਚ ਮਦਦ ਮਿਲ ਸਕੇ। ਉਨ੍ਹਾਂ ਮੌਜੂਦ ਉਦਯੋਗਿਕ ਇਕਾਈਆਂ ਦੇ ਮਾਲਕਾਂ ਨੂੰ ਇਹ ਵੀ ਕਿਹਾ ਕਿ ਉਹ ਬੇਲਰ ਮਾਲਕਾਂ ਨਾਲ ਤਾਲਮੇਲ ਕਰਕੇ ਪਰਾਲੀ ਦਾ ਖਰੀਦ ਮੁੱਲ ਵੀ ਜਲਦੀ ਤੈਅ ਕਰਨ ਤਾਂ ਜੋ ਪਰਾਲੀ ਪ੍ਰਬੰਧਨ ਦਾ ਮੁਕੰਮਲ ਐਕਸ਼ਨ ਪਲਾਨ ਤਿਆਰ ਕੀਤਾ ਜਾ ਸਕੇ।
ਇਸ ਮੌਕੇ ਮੌਜੂਦ ਫਰਮਾਂ ਦੇ ਮਾਲਕਾਂ ਨੂੰ ਝੋਨੇ ਦੀ ਪਰਾਲੀ ਵਿੱਚ ਨਮੀ ਦੇ ਬਾਰੇ ਪੁੱਛਣ ‘ਤੇ ਸਾਰੇ ਹਾਊਸ ਨੇ ਇਹ ਫੈਸਲਾ ਕੀਤਾ ਕਿ ਕਿਸਾਨਾਂ ਦੀ ਪਰਾਲੀ 20 ਫੀਸਦੀ ਨਮੀ ‘ਤੇ ਬਿਨਾਂ ਕਿਸੇ ਕਾਟ ਤੋਂ ਖਰੀਦੀ ਜਾਵੇਗੀ।
ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਪ੍ਰੀਤ ਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਜਿ਼ਲ੍ਹੇ ਵਿੱਚ ਖੇਤੀਬਾੜੀ ਵਿਭਾਗ, ਮਾਨਸਾ ਵੱਲੋਂ 158 ਬੇਲਰਾਂ ‘ਤੇ ਹੁਣ ਤੱਕ ਸਬਸਿਡੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜਿ਼ਲ੍ਹੇ ਵਿੱਚ 9.18 ਲੱਖ ਮੀਟਰਿਕ ਟਨ ਪਰਾਲੀ ਹੋਣ ਦੀ ਸੰਭਾਵਨਾ ਹੈ। ਐਕਸ਼ਨ ਪਲਾਨ ਅਨੁਸਾਰ 5.5 ਲੱਖ ਮੀਟਰਿਕ ਟਨ ਝੋਨੇ ਦੀ ਪਰਾਲੀ ਦਾ ਐਕਸ ਸੀਟੂ ਤਕਨੀਕ ਨਾਲ ਅਤੇ 3.69 ਲੱਖ ਮੀਟਰਿਕ ਟਨ ਨੂੰ ਇਨ ਸਿਟੂ ਤਕਨੀਕ ਨਾਲ ਪ੍ਰਬੰਧਨ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਪਿੰਡਾਂ ਵਿੱਚ ਕੈਂਪ ਲਗਾ ਕੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧ ਐਕਸ ਸਿਟੂ ਅਤੇ ਇਨ ਸਿਟੂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰ ਰਹੇ ਹਨ। ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਇੰਡਸਟਰੀ ਮਾਲਕਾਂ ਦੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਡਾ. ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟਰ ਡਾਇਰੈਕਟਰ (ਆਤਮਾ), ਸ਼੍ਰੀ ਹਰਮਨਪ੍ਰੀਤ ਸਿੰਘ, ਐਸ.ਡੀ.ਓ ਪ੍ਰਦੂਸ਼ਣ ਕੰਟਰੋਲ ਬੋਰਡ, ਬਲਜੀਤ ਸਿੰਘ, ਜੂਨੀਅਰ ਤਕਨੀਸ਼ੀਅਨ, ਗਰੀਨ ਐਨਰਜ਼ੀ ਸਲਿਊਸ਼ਨ, ਬੋਹਾ, ਵਾਇਟਨ ਐਨਰਜੀ ਲਿਮ. ਖੋਖਰ, ਧਾਲੀਵਾਲ ਗਰੀਨ ਐਨਰਜ਼ੀ, ਨੰਗਲ ਕਲਾਂ, ਏ.ਬੀ ਬਾਈਓਫਿਊਲ, ਆਰ.ਏ.ਵੀ ਐਂਡ ਕੰਪਨੀ, ਇੰਜੀਨੀਅਰਿੰਗ ਐਂਡ ਇਨਫਰਾਸਟਰਕਚਰ, ਗਰੀਨ ਐਨਰਜੀ ਸਲੀਊਸ਼ਨ, ਡਬਲਯੂ.ਆਰ.ਐਮ ਆਦਿ ਦੇ ਉਦਯੋਗਿਕ ਮਾਲਕ ਹਾਜ਼ਰ ਸਨ।























