

ਚੰਡੀਗੜ੍ਹ: ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ ਵਿੱਚ ਇੰਪੀਰੀਅਲ ਗਾਰਡਨਜ਼/ਪੁਸ਼ਪ ਇੰਪਾਇਰ ਦੀ ਇਮਾਰਤ ਡਿੱਗਣ ਮਗਰੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਿਕੰਜਾ ਕੱਸ ਦਿੱਤਾ ਹੈ। ਸਿੱਧੂ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਮੈਜਿਸਟਰੇਟ ਜਾਂਚ ਹੋਣ ਤੱਕ ਮਿਊਂਸੀਪਲ ਕੌਂਸਲ ਜ਼ੀਰਕਪੁਰ ਦੀ ਹਦੂਦ ਅੰਦਰ ਕੋਈ ਵੀ ਬਿਲਡਿੰਗ ਪਲਾਨ ਪਾਸ ਨਹੀਂ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਬੇਸਮੈਂਟਾਂ ਦੀ ਖੁਦਾਈ ਉਤੇ ਮੁਕੰਮਲ ਰੋਕ ਲਾਈ ਗਈ ਹੈ। ਪੁਸ਼ਪ ਇੰਪਾਇਰ ਦੀਆਂ ਖ਼ਾਲੀ ਇਮਾਰਤਾਂ ਨੂੰ ਸੀਲ ਕਰਨ ਦੇ ਵੀ ਆਦੇਸ਼ ਦਿੱਤੇ ਗਏ ਹਨ। ਉਂਝ ਜਿਨ੍ਹਾਂ ਇਮਾਰਤਾਂ ਵਿੱਚ ਲੋਕਾਂ ਦਾ ਨਿਵਾਸ ਹੈ, ਉਨ੍ਹਾਂ ਬਾਰੇ ਜਲਦੀ ਵੱਖਰੇ ਤੌਰ ਉਤੇ ਫੈਸਲਾ ਲਿਆ ਜਾਵੇਗਾ।
ਸਿੱਧੂ ਨੇ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਇੱਕ ਬਿਆਨ ਵਿੱਚ ਇਹ ਖ਼ੁਲਾਸਾ ਕਰਦੇ ਹੋਏ ਸਿੱਧੂ ਨੇ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਲਈ ਕਾਇਮ ਟੀਮ ਦਾ ਘੇਰਾ ਵਧਾਇਆ ਗਿਆ ਹੈ। ਇਹ ਟੀਮ 27 ਅਪਰੈਲ, 2018 ਤੱਕ ਆਪਣੀ ਰਿਪੋਰਟ ਦੇਵੇਗੀ।
EDITED BY : SARA YAHA PUNJABI NEWS























