ਆਮ ਆਦਮੀ ਪਾਰਟੀ ਦਾ ਝਾੜੂ ਹੁਣ ਪੂਰੀ ਤਰ੍ਹਾਂ ਖਿੱਲਰ ਗਿਆ ਹੈ : ਜੇਲ੍ਹਾਂ ਮੰਤਰੀ

0
54

ਮਾਨਸਾ, 06 ਜਨਵਰੀ (ਬਲਜੀਤ ਸ਼ਰਮਾ) : ਆਮ ਆਦਮੀ ਪਾਰਟੀ ਦਾ ਭਵਿੱਖ ਹੁਣ ਸਾਰੇ ਲੋਕਾਂ ਦੇ ਸਾਹਮਣੇ ਹੀ ਹੈ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚ.ਐਸ.ਫੂਲਕਾ ਪਾਰਟੀ ਤੋਂ ਅਸਤੀਫ਼ਾ ਦੇ ਗਏ, ਜਿਨ੍ਹਾ ਨੂੰ ਲੋਕਾਂ ਨੇ ਚੁਣ ਕੇ ਵਿਧਾਇਕ ਬਣਾਇਆ ਸੀ। ਲੋਕਾਂ ਨੂੰ ਉਮੀਦ ਸੀ ਕਿ ਲੋਕਾਂ ਨੇ ਉਨ੍ਹਾਂ ਨੂੰ ਵਿਧਾਇਕ ਚੁਣਿਆ ਹੈ, ਉਹ ਅਸੈਂਬਲੀ ਵਿੱਚ ਉਨ੍ਹਾਂ ਦੀਆਂ ਮੰਗਾਂ ਰੱਖਣਗੇ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੇ ਉਤਰਨਗੇ ਪਰ ਉਹ ਆਪਣੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਪਿੱਠ ਵਿਖਾ ਕੇ ਚਲੇ ਗਏ। ਇਸੇ ਤਰ੍ਹਾ ਸੁਖਪਾਲ ਸਿੰਘ ਖਹਿਰਾ ਦੇ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਝਾੜੂ ਪੂਰੀ ਤਰ੍ਹਾਂ ਨਾਲ ਖਿੱਲਰ ਗਿਆ ਹੈ। ਇਹ ਪ੍ਰਗਟਾਵਾ ਅੱਜ ਸਹਿਕਾਰਿਤਾ ਅਤੇ ਜੇਲ੍ਹਾਂ ਮੰਤਰੀ ਪੰਜਾਬ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਸ਼੍ਰੀ ਰੰਧਾਵਾ ਅੱਜ ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿਖੇ ਗਰੀਨਲੈਂਡ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ।
ਪੱਤਰਕਾਰਾਂ ਦੇ ਕਰਜਾ ਮੁਆਫ਼ੀ ਦੇ ਸਵਾਲ ਦਾ ਜਵਾਬ ਦਿੰਦਿਆਂ ਸ਼੍ਰੀ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾਂ ਹੀ ਕਿਸਾਨਾਂ ਦੀ ਹਿਤੈਸ਼ੀ ਰਹੀ ਹੈ ਅਤੇ ਉਨ੍ਹਾਂ ਦੇ ਕਰਜ਼ਾ ਮੁਆਫ਼ੀ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਤੋਂ ਇਲਾਵਾ ਖੇਤ ਮਜ਼ਦੂਰਾਂ ਦੇ ਵੀ ਸੂਬੇ ਵਿੱਚ 610 ਕਰੋੜ ਰੁਪਏ ਦੇ ਕਰਜ਼ ਮੁਆਫ਼ ਕਰਨ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਤਮ-ਹੱਤਿਆ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਆਰਥਿਕ ਪੱਧਰ ਨੂੰ ਉਪਰ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਇਸੇ ਲੜੀ ਤਹਿਤ ਸੂਬੇ ਵਿੱਚ ਮਿਲਕ ਪਲਾਂਟ ਖੋਲ੍ਹੇ ਜਾ ਰਹੇ ਹਨ। ਅਜਿਹੇ ਹੀ ਇੱਕ 310 ਕਰੋੜ ਦੀ ਲਾਗਤ ਵਾਲੇ ਮਿਲਕ ਪਲਾਂਟ ਦਾ ਪਿਛਲੇ ਦਿਨੀਂ ਬੱਸੀ ਪਠਾਣਾਂ ਵਿਖੇ ਉਦਘਾਟਨ ਕੀਤਾ ਗਿਆ, ਜਿਸ ਵਿੱਚ ਰੋਜ਼ਾਨਾ 11 ਲੱਖ ਲੀਟਰ ਦੁੱਧ ਤਿਆਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸਹਾਇਕ ਧੰਦਿਆਂ ਨੂੰ ਉਤਸ਼ਾਹ ਮਿਲੇਗਾ, ਉਥੇ ਕਿਸਾਨਾਂ ਦੀ ਵੀ ਆਰਥਿਕ ਪੱਖੋਂ ਸਥਿਤੀ ਮਜ਼ਬੂਤ ਹੋਵੇਗੀ।
ਜੇਲ੍ਹਾਂ ਵਿੱਚ ਮੋਬਾਇਲ ਫੋਨ ਮਿਲਣ ਦੀਆਂ ਘਟਨਾਵਾਂ ਸਬੰਧੀ ਪੁੱਛੇ ਸਵਾਲ ‘ਤੇ ਸ਼ੀ੍ਰ ਰੰਧਾਵਾ ਨੇ ਕਿਹਾ ਕਿ ਜੇਲ੍ਹਾਂ ਵਿੱਚ ਜੈਮਰ ਸਿਸਟਮ ਲਈ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਜਲਦ ਹੀ ਪੰਜਾਬ ਦੀਆਂ ਜੇਲ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਜੈਮਰ ਲਗਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਮਨ ਬਦਲਣ ਵੱਲ ਵੀ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਜਦ ਉਹ ਸਜਾ ਕੱਟ ਕੇ ਬਾਹਰ ਆਉਣ, ਤਾਂ ਉਹ ਇੱਕ ਜ਼ਿੰਮੇਵਾਰ ਨਾਗਰਿਕ ਦੇ ਰੂਪ ਵਿੱਚ ਸਮਾਜ ਵਿੱਚ ਵਿਚਰਨ।
ਅੱਜ ਦੇ ਇਨਾਮ ਵੰਡ ਸਮਾਰੋਹ ਦੌਰਾਨ ਸ਼੍ਰੀ ਰੰਧਾਵਾ ਵੱਲੋਂ ਗਰੀਨਲੈਂਡ ਸਕੂਲ ਦੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਹਾਸਲ ਕਰਕੇ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ।
ਇਸ ਮੌਕੇ ਐਸ.ਐਸ.ਪੀ. ਮਾਨਸਾ ਸ਼੍ਰੀ ਮਨਧੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜੇਸ਼ ਤ੍ਰਿਪਾਠੀ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਡੱਚਲਵਾਲ, ਸਾਬਕਾ ਵਿਧਾਇਕ ਸ਼੍ਰੀ ਮੰਗਤ ਰਾਏ ਬਾਂਸਲ, ਡੀ.ਐਸ.ਪੀ. ਸ਼੍ਰੀ ਸਰਬਜੀਤ ਸਿੰਘ,  ਹਲਕਾ ਇੰਚਾਰਜ ਮਾਨਸਾ ਡਾ. ਮਨੋਜ ਬਾਲਾ ਬਾਂਸਲ, ਹਲਕਾ ਇੰਚਾਰਜ ਬੁਢਲਾਡਾ ਸ਼੍ਰੀਮਤੀ ਰਣਜੀਤ ਕੌਰ ਭੱਟੀ, ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਸ਼੍ਰੀ ਕੁਲਵੰਤ ਰਾਏ ਸਿੰਗਲਾ ਅਤੇ ਸ਼੍ਰੀ ਰਾਮ ਸਿੰਘ ਸਰਦੂਲਗੜ੍ਹ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਮੌਜੂਦ ਸਨ।


EDITED BY : SARA YAHA | | Last Updated : 7:42 PM 6 ਜਨਵਰੀ 2018

LEAVE A REPLY

Please enter your comment!
Please enter your name here