

ਗਿੱਦੜਬਾਹਾ (ਸਾਰਾ ਯਹਾਂ/ਮਨੀਸ਼ ਗਰਗ) : ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚਲਾਏ ਜਾ ਰਹੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਦੇ ਵਿੱਚ ਪੜਦੇ ਸਤਵੀਂ ਜਮਾਤ ਦੇ ਵਿਦਿਆਰਥੀ ਰਿਸ਼ਵਦੀਪ ਸਿੰਘ ਨੇ ਛੋਟੀ ਉਮਰ ਵਿੱਚ ਆਪਣੀ ਗਾਉਣ ਪ੍ਰਤੀ ਰੁਚੀ ਅਤੇ ਕਲਾ ਦਾ ਸਬੂਤ ਦਿੰਦੇ ਹੋਏ ਭਜਨ “ਸ਼ੁਕਰਾਨਾ ਸ਼ੇਰਾਂ ਵਾਲੀ ਦਾ” ਰੀਲੀਜ਼ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਹ ਪੋਸਟਰ ਸਕੂਲ ਦੀ ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਅਤੇ ਸਾਰੇ ਅਧਿਆਪਕ ਸਟਾਫ ਵੱਲੋਂ ਜਾਰੀ ਕੀਤਾ ਗਿਆ।
ਇਹ ਭਜਨ ਬਲਜੀਤ ਸਿੰਘ, ਜੋ ਕਿ ਪੰਜਾਬ ਮੰਡੀ ਬੋਰਡ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਸਕੂਲ ਦੇ ਹੀ ਪੁਰਾਣੇ ਵਿਦਿਆਰਥੀ ਹਨ, ਵੱਲੋਂ ਲਿਖਿਆ ਗਿਆ ਹੈ। ਬਲਜੀਤ ਸਿੰਘ ਆਪਣੇ ਸ਼ਬਦਾਂ ਰਾਹੀਂ ਹਮੇਸ਼ਾਂ ਸਮਾਜ ਨੂੰ ਜਾਗਰੂਕ ਕਰਨ ਦਾ ਯਤਨ ਕਰਦੇ ਰਹੇ ਹਨ। ਉਹ ਖ਼ਾਸ ਕਰਕੇ ਨਸ਼ਿਆਂ ਦੇ ਵਿਰੁੱਧ ਕਲਮ ਚਲਾਉਂਦੇ ਹੋਏ ਇੱਕ ਸਿਹਤਮੰਦ ਤੇ ਸੁਚੇਤ ਸਮਾਜ ਦੇ ਨਿਰਮਾਣ ਲਈ ਲਗਾਤਾਰ ਯੋਗਦਾਨ ਪਾਉਂਦੇ ਹਨ। ਜਦਕਿ ਇਸਦੀ ਧੁਨ ਅਤੇ ਰਚਨਾ ਰਿਸ਼ਵਦੀਪ ਦੇ ਪਿਤਾ ਗੁਰਦੀਪ ਸਿੰਘ ਨੇ ਤਿਆਰ ਕੀਤੀ ਹੈ।
ਪੋਸਟਰ ਜਾਰੀ ਕਰਦਿਆਂ ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਨੇ ਰਿਸ਼ਵਦੀਪ ਨੂੰ ਦਿਲੋਂ ਵਧਾਈ ਦਿੱਤੀ ਅਤੇ ਕਿਹਾ, “ਰਿਸ਼ਵਦੀਪ ਨੇ ਛੋਟੀ ਉਮਰ ਵਿੱਚ ਹੀ ਆਪਣੀ ਕਲਾ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਗੀਤਾਂ ਅਤੇ ਬੋਲਾਂ ਰਾਹੀਂ ਸਮਾਜ ਵਿੱਚ ਚੰਗੇ ਤੇ ਰਚਨਾਤਮਕ ਸੁਨੇਹੇ ਪਹੁੰਚਾਏਗਾ।”
ਇਸ ਮੌਕੇ ਗੁਰਦੀਪ ਸਿੰਘ, ਜੋ ਕਿ ਰਿਸ਼ਵਦੀਪ ਦੇ ਪਿਤਾ ਹਨ, ਨੇ ਭਾਵੁਕ ਹੋਕੇ ਕਿਹਾ, “ਜੋ ਸੁਪਨੇ ਮੈਂ ਆਪਣੇ ਲਈ ਦੇਖੇ ਸਨ, ਅੱਜ ਮੇਰਾ ਬੇਟਾ ਉਹਨਾਂ ਨੂੰ ਮੇਰੇ ਲਈ ਪੂਰਾ ਕਰ ਰਿਹਾ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਮੇਰੇ ਘਰ ਦੀ ਅਗਲੀ ਪੀੜ੍ਹੀ ਸੰਗੀਤ ਰਾਹੀਂ ਭਗਤੀ ਅਤੇ ਸਮਾਜਿਕ ਸੁਨੇਹਾ ਪਹੁੰਚਾ ਰਹੀ ਹੈ।”
ਰਿਸ਼ਵਦੀਪ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਮੌਕੇ ਦੇ ਪਿੱਛੇ ਉਸਦੇ ਮਾਪਿਆਂ ਅਤੇ ਅਧਿਆਪਕਾਂ ਦੀ ਮਿਹਨਤ ਹੈ। ਉਸਨੇ ਕਿਹਾ ਕਿ ਉਸਦਾ ਉਦੇਸ਼ ਸੰਗੀਤ ਰਾਹੀਂ ਲੋਕਾਂ ਨੂੰ ਸ਼ਾਂਤੀ ਅਤੇ ਆਪਸੀ ਪਿਆਰ ਪਿਆਰ ਵੱਲ ਪ੍ਰੇਰਿਤ ਕਰਨਾ ਹੈ।
ਇਸ ਮੌਕੇ ਮੌਜੂਦ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਰਿਸ਼ਵਦੀਪ ਦੀ ਇਸ ਉਪਲਬਧੀ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਇਹ ਰਿਲੀਜ਼ ਸਿਰਫ਼ ਸਕੂਲ ਲਈ ਹੀ ਨਹੀਂ, ਸਾਰੇ ਕੋਟਭਾਈ ਖੇਤਰ ਲਈ ਮਾਣ ਅਤੇ ਪ੍ਰੇਰਣਾ ਦਾ ਸਰੋਤ ਬਣਿਆ ਹੈ।























