

ਬੁਢਲਾਡਾ 14 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬੁਢਲਾਡਾ ਬਲਾਕ ਦੇ ਪ੍ਰਧਾਨ ਬਲਦੇਵ ਸਿੰਘ ਪਿੱਪਲੀਆਂ ਦੀ ਅਗਵਾਈ ਵਿੱਚ ਬੀਡੀਪੀਓ ਦਫ਼ਤਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਅਦ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਡੀਐਸਪੀ ਦਫ਼ਤਰ ਦੇ ਗੇਟ ਅੱਗੇ ਭਰਪੂਰ ਨਾਹਰਿਆਂ ਨਾਲ ਸਮਾਪਤੀ ਕੀਤੀ ਗਈ । ਮਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਪਿੰਡ ਆਂਡਿਆਂਵਾਲੀ ਦੇ ਖੇਤਾਂ ਨੂੰ ਜਾਣ ਵਾਲਾ ਪੱਕਾ ਰਸਤਾ ਜੋ ਕਿ ਸਿਆਸੀ ਅਤੇ ਪੰਚਾਇਤੀ ਲੋਕਾਂ ਵੱਲੋਂ ਜਾਣ ਬੁਝ ਕੇ ਤਕਰੀਬਨ ਜੋ ਮਹੀਨੇ ਤੋਂ ਬੰਦ ਕੀਤਾ ਹੋਇਆ ਹੈ, ਜਿਸ ਕਰਕੇ ਲੋਕਾਂ ਨੂੰ ਆਉਣ ਜਾਣ ਵਿੱਚ ਸਮੱਸਿਆ ਆ ਰਹੀ ਹੈ । ਉਹਨਾਂ ਦੱਸਿਆ ਕਿ ਸਥਾਨਕ ਬੀਡੀਪੀਓ ਨੂੰ ਤਕਰੀਬਨ ਦੋ ਮਹੀਨੇ ਪਹਿਲਾਂ ਤੋਂ ਮਿਲਿਆ ਜਾ ਰਿਹਾ ਹੈ ਪਰ ਸਿਵਲ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਮਸਲੇ ਨੂੰ ਅਣਗੌਲਿਆ ਕੀਤਾ ਹੋਇਆ ਹੈ । ਜਿਸ ਕਰਕੇ ਮਜ਼ਬੂਰ 6 ਅਕਤੂਬਰ ਨੂੰ ਜਥੇਬੰਦੀ ਵੱਲੋਂ ਲੋਕਾਂ ਨਾਲ ਹੋ ਰਹੀ ਘੋਰ ਬੇਇਨਸਾਫ਼ੀ ਨੂੰ ਦੇਖਦਿਆਂ ਮੁਜ਼ਾਹਰੇ ਦਾ ਫੈਸਲਾ ਕੀਤਾ ਗਿਆ । ਦੂਸਰੇ ਮਸਲੇ ਵਜੋਂ ਪਿੰਡ ਕੁੱਲਰੀਆਂ ਦੇ ਕਿਸਾਨਾਂ ਉੱਪਰ ਪੁਲਿਸ-ਸਿਆਸੀ ਗੱਠਜੋੜ ਵੱਲੋਂ ਕੀਤੇ ਝੂਠੇ ਕੇਸਾਂ ਨੂੰ ਰੱਦ ਕਰਵਾਉਣ ਲਈ ਬੀਡੀਪੀਓ ਬਲਾਕ ਤੋਂ ਡੀਐਸਪੀ ਦਫ਼ਤਰ ਬੁਢਲਾਡਾ ਤੱਕ ਮਾਰਚ ਕੀਤਾ ਗਿਆ । ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਘਰਸ਼ੀ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਨਾਹਰੇਬਾਜ਼ੀ ਕੀਤੀ ਗਈ । ਇਸ ਮੌਕੇ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਝੋਨੇ ਦੀ ਪੱਕੀ ਫਸਲ ਦੀ ਵਾਢੀ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਰੀ ਪਿੰਡ ਆਂਡਿਆਂਵਾਲੀ ਦੇ ਖੇਤਾਂ ਨੂੰ ਜਾਣ ਵਾਲੇ ਰਸਤੇ ਨੂੰ ਚਾਲੂ ਕੀਤਾ ਜਾਵੇ ਅਤੇ ਨਾਲ ਹੀ ਪਿੰਡ ਕੁਲਰੀਆਂ ਦੇ ਕਿਸਾਨਾਂ ਉੱਪਰ ਕੀਤੇ ਝੂਠੇ ਕੇਸ ਰੱਦ ਕੀਤੇ ਜਾਣ । ਇਸ ਮੌਕੇ ਜਿਲਾ ਕਮੇਟੀ ਦੇ ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਸਤਪਾਲ ਸਿੰਘ ਵਰੇ, ਗੁਰਜੰਟ ਸਿੰਘ ਮੰਘਾਣੀਆਂ ਸਮੇਤ ਬਲਾਕ ਕਮੇਟੀਆਂ ਦੇ ਬਲਦੇਵ ਸਿੰਘ ਪਿੱਪਲੀਆਂ, ਬਲਜੀਤ ਸਿੰਘ ਭੈਣੀ ਬਾਘਾ, ਬਾਵਾ ਸਿੰਘ ਖੀਵਾ ਕਲਾਂ, ਜਗਜੀਵਨ ਸਿੰਘ ਹਸਨਪੁਰ, ਤੇਜ ਰਾਮ ਅਹਿਮਦਪੁਰ, ਮੇਲਾ ਸਿੰਘ ਦਿਆਲਪੁਰਾ ਆਦਿ ਨੇ ਵੀ ਸੰਬੋਧਨ ਕੀਤਾ ।























