

ਮਾਨਸਾ 3 ਨਵੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲਾ ਮਾਨਸਾ ਦੀ ਮੀਟਿੰਗ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਫਫੜੇ ਭਾਈਕੇ ਵਿਖੇ ਹੋਈ ।
ਜਿਸ ਵਿੱਚ ਮੌਜੂਦਾ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਜਿਨਾਂ ਬਾਰੇ ਡੀਏਪੀ ਦੀ ਕਿੱਲਤ, ਪਰਾਲੀ ਸਬੰਧੀ ਕਿਸਾਨਾਂ ‘ਤੇ ਸਰਕਾਰੀ ਦਬਾਅ ਅਤੇ ਝੋਨੇ ਦੀ ਨਮੀਂ ਦਾ ਬਹਾਨਾ ਬਣਾ ਕੇ ਮੰਡੀਆਂ ਵਿੱਚ ਲਗਾਈ ਗਈ ਕਾਟ ਦਾ ਮਸਲਾ ਵਿਸ਼ੇਸ਼ ਤੌਰ ਤੇ ਵਿਚਾਰਿਆ ਗਿਆ । ਮੀਟਿੰਗ ਵਿੱਚ ਆਗੂਆਂ ਨੇ ਚਰਚਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਬੇਲਰ ਵਗੈਰਾ ਪ੍ਰਸ਼ਾਸਨ ਵੱਲੋਂ ਅੱਜ ਤੱਕ ਮੁਹਈਆ ਨਹੀਂ ਕਰਵਾਏ ਗਏ । ਜਿਸ ਕਾਰਨ ਕਣਕ ਦੀ ਬਜਾਈ ਲਈ ਲੋੜੀਂਦੀ ਜਮੀਨ ਵਿੱਚ ਨਵੀਂ ਦੀ ਮਾਤਰਾ ਲਗਾਤਾਰ ਘਟ ਰਹੀ ਹੈ । ਪਹਿਲਾਂ ਝੋਨੇ ਦੇ ਝਾੜ ਵਿੱਚ ਕਿਸਾਨਾਂ ਨੂੰ 40% ਨੁਕਸਾਨ ਨਾਲ ਝੋਨੇ ਤੋਂ ਹੱਥ ਧੋਣੇ ਪਏ ਹਨ ਅਤੇ ਹੁਣ ਪਰਾਲੀ ਦੀ ਸਮੱਸਿਆ ਕਾਰਨ ਕਣਕ ਦੀ ਬਜਾਈ ਲਗਾਤਾਰ ਪਛੜ ਰਹੀ ਹੈ ਜਿਸ ਕਾਰਨ ਮਜਬੂਰੀ ਬੱਸ ਜਿਹੜੇ ਕਿਸਾਨ ਪਰਾਲੀ ਦਾ ਨਿਪਟਾਰਾ ਕਰਨ ਲਈ ਅੱਗ ਲਗਾ ਰਹੇ ਹਨ, ਉਹਨਾਂ ਉੱਤੇ ਪ੍ਰਸ਼ਾਸਨ ਅਤੇ ਸਰਕਾਰ ਬੇਲੋੜੀ ਸਖਤੀ ਵਰਤ ਰਹੀ ਹੈ । ਖੇਤਾਂ ਵਿੱਚ ਜਾ ਕੇ ਕਿਸਾਨਾਂ ਦੇ ਰਕਬੇ ਨੂੰ ਦਰਜਾਵੰਦ ਕਰ ਰਹੇ ਹਨ ਅਤੇ ਜੁਰਮਾਨੇ ਪਾ ਕੇ ਉਲਟਾ ਫੌਜਦਾਰੀ ਪੁਲਿਸ ਕੇਸ ਵੀ ਬਣਾਏ ਜਾ ਰਹੇ ਹਨ, ਜਿਸ ਦਾ ਜਥੇਬੰਦੀ ਵੱਲੋਂ ਗੰਭੀਰ ਨੋਟਿਸ ਲੈਂਦੇ ਹੋਏ ਇਸ ਦਾ ਡਟਵਾਂ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ । ਕਣਕ ਦੀ ਬਜਾਈ ਲਈ ਜ਼ਿਲੇ ਵਿੱਚ ਲੋੜੀਂਦੀ ਮਾਤਰਾ ਵਿੱਚ ਡੀਏਪੀ ਖਾਦ ਉਪਲਬਧ ਨਹੀਂ ਹੈ ਜਿਸ ਕਾਰਨ ਕਿਸਾਨ ਡੀਏਪੀ ਦੀ ਜਗ੍ਹਾ ਤੇ ਹੋਰ ਖਾਦਾਂ ਵਰਤਣ ਲਈ ਮਜਬੂਰ ਹਨ ਜਿਸ ਕਾਰਨ ਕਣਕ ਦਾ ਝਾੜ ਵੀ ਅਸਰ ਅੰਦਾਜ਼ ਹੋਵੇਗਾ । ਇਸ ਕਰਕੇ ਮੰਗ ਕੀਤੀ ਗਈ ਕਿ ਜ਼ਿਲੇ ਵਿੱਚ ਤੁਰੰਤ ਲੋੜੀਂਦੀ ਡੀਏਪੀ ਖਾਦ ਮੁਹੱਈਆ ਕਰਾਉਣ ਲਈ ਜਿਲਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਤੁਰੰਤ ਕਾਰਵਾਈ ਕਰੇ । ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹਨਾਂ ਮੰਗਾਂ ਉੱਪਰ ਹੀ 4 ਨਵੰਬਰ ਨੂੰ ਮਾਨਸਾ ਡਿਪਟੀ ਕਮਿਸ਼ਨਰ ਦਫਤਰ ਵਿਖੇ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਜਾਵੇਗਾ ।ਜਥੇਬੰਦੀ ਦੇ ਵਿਸ਼ੇਸ਼ ਫੈਸਲੇ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਵਸ ਜਥੇਬੰਦੀ ਵੱਲੋਂ ਮਨਾਉਣ ਦਾ ਫੈਸਲਾ ਕਰਦੇ ਹੋਏ 18 ਨਵੰਬਰ ਨੂੰ ਬਰਨਾਲਾ ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇੱਕ ਵਿਸ਼ੇਸ਼ ਮਤੇ ਰਾਹੀਂ ਪਿੰਡ ਕੁੱਲਰੀਆਂ ਨਾਲ ਸਬੰਧਤ ਕਿਸਾਨ ਵਰਕਰਾਂ ਖ਼ਿਲਾਫ਼ ਬਣਾਏ ਝੂਠੇ ਪੁਲਿਸ ਕੇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਅਤੇ ਇਸ ਸਬੰਧੀ ਜ਼ਿਲਾ ਪੁਲਿਸ ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਗਿਆ ਹੈ ਨਹੀਂ ਤਾਂ ਆਉਣ ਵਾਲੀ 10 ਨਵੰਬਰ ਨੂੰ ਵਿਸ਼ੇਸ਼ ਮੀਟਿੰਗ ਵਿੱਚ ਜ਼ਿਲਾ ਪੁਲਿਸ ਕਪਤਾਨ ਮਾਨਸਾ ਦੇ ਦਫ਼ਤਰ ਸਾਹਮਣੇ ਅਣਮਿਥੇ ਸਮੇਂ ਦਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਜਿਸ ਦਾ ਐਲਾਨ ਆਉਂਦੀ 10 ਤਰੀਕ ਨੂੰ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਤੁਰੰਤ ਬੇਗੁਨਾਹ ਕਿਸਾਨਾਂ ਨੂੰ ਕੁਲਰੀਆਂ ਲੜਾਈ ਦੇ ਕੇਸ ਵਿੱਚੋਂ ਬਾਹਰ ਕੀਤਾ ਜਾਵੇ ।
ਅੱਜ ਦੀ ਮੀਟਿੰਗ ਵਿੱਚ ਸੂਬਾ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਮੱਖਣ ਸਿੰਘ ਭੈਣੀ ਬਾਘਾ ਸਮੇਤ ਜਿਲਾ ਕਮੇਟੀ ਦੇ ਦੇਵੀ ਰਾਮ ਰੰਘੜਿਆਲ, ਤਾਰਾ ਚੰਦ ਬਰੇਟਾ, ਸੱਤਪਾਲ ਸਿੰਘ ਵਰੇ, ਗੁਰਚਰਨ ਸਿੰਘ ਅਲੀਸ਼ੇਰ, ਹਰਬੰਸ ਸਿੰਘ ਟਾਡੀਆਂ, ਬਲਵਿੰਦਰ ਸ਼ਰਮਾਂ, ਜਗਦੇਵ ਸਿੰਘ ਕੋਟਲੀ ਸਮੇਤ ਬਲਜੀਤ ਸਿੰਘ ਭੈਣੀ ਬਾਘਾ, ਬਲਦੇਵ ਸਿੰਘ ਪਿੱਪਲੀਆਂ, ਤੇਜਾ ਸਿੰਘ ਰਾਮਾਨੰਦੀ, ਬਾਵਾ ਸਿੰਘ ਖੀਵਾ ਕਲਾਂ, ਜਗਜੀਵਨ ਸਿੰਘ ਹਸਨਪੁਰ, ਕਾਲਾ ਸਿੰਘ ਅਕਲੀਆ, ਚੇਤ ਸਿੰਘ ਚਕੇਰੀਆਂ, ਕਾਕਾ ਸਿੰਘ ਮਾਖਾ, ਅਵਤਾਰ ਸਿੰਘ ਢੈਪਈ, ਲੀਲਾ ਸਿੰਘ ਮੂਸਾ ਆਦਿ ਹਾਜ਼ਰ ਰਹੇ ।























