

ਮੁਹਾਲੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਮੁਹਾਲੀ ਤੋਂ ਵਿਸ਼ਵ ਪੱਧਰੀ ਸਾਜ਼ੋ-ਸਾਮਾਨ ਨਾਲ ਲੈਸ 9 ਅਤਿ-ਆਧੁਨਿਕ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮੁੱਖ ਮੰਤਰੀ ਨੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਐਮਪੀ ਫੰਡ ਨਾਲ ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਅਧੀਨ ਆਉਂਦੇ 9 ਹਲਕਿਆਂ ਲਈ ਇਹ ਐਂਬੂਲੈਂਸਾਂ ਖਰੀਦੀਆਂ ਹਨ। ਇਸ ਵਿੱਚ ਮੁਹਾਲੀ ਵੀ ਸ਼ਾਮਲ ਹੈ।
ਕਾਂਗਰਸ ਦੇ ਹੋਰ ਸੰਸਦ ਮੈਂਬਰਾਂ ਨੂੰ ਅੰਬਿਕਾ ਸੋਨੀ ਵੱਲੋਂ ਕੀਤੀ ਗਈ ਇਸ ਪਹਿਲ ਦੀ ਤਰਜ਼ ‘ਤੇ ਕਦਮ ਚੁੱਕਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਸੂਬੇ ਵਿੱਚ ਸਿਹਤ ਸਹੂਲਤਾਂ ਦੇ ਸੁਧਾਰ ਵਿੱਚ ਅਹਿਮ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਐਂਬੂਲੈਂਸਾਂ ਰਾਹੀਂ ਹਾਦਸਾ ਸਥਾਨ ‘ਤੇ ਸਮੇਂ ਸਿਰ ਮੈਡੀਕਲ ਮਦਦ ਮੁਹੱਈਆ ਕਰਾ ਕੇ ਮੌਤਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੁਹਾਲੀ, ਜੋ ਅਹਿਮ ਸਨਅਤੀ ਸ਼ਹਿਰ ਤੇ ਆਈਟੀ ਹੱਬ ਵਜੋਂ ਉਭਰਿਆ ਹੈ, ਵਿੱਚ ਸਿਹਤ ਸਹੂਲਤਾਂ ਸੁਧਾਰਨ ਲਈ ਕੰਮ ਕਰ ਰਹੀ ਹੈ। ਇਸ ਮੌਕੇ ਅੰਬਿਕਾ ਸੋਨੀ ਨੇ ਐਂਬੂਲੈਂਸਾਂ ਨੂੰ ਵਾਜ਼ਬ ਕੀਮਤ ‘ਤੇ ਲੋਕਾਂ ਨੂੰ ਬਿਹਤਰੀਨ ਸਿਹਤ ਤੇ ਮੈਡੀਕਲ ਸੇਵਾਵਾਂ ਮੁਹੱਈਆ ਕਰਾਉਣ ਵਾਲੇ ਮੁੱਖ ਮੰਤਰੀ ਮਿਸ਼ਨ ਵਿੱਚ ਨਿਗੂਣਾ ਯੋਗਦਾਨ ਕਰਾਰ ਦਿੱਤਾ।
ਇਨ੍ਹਾਂ ਵਿੱਚੋਂ ਤਿੰਨ ਐਂਬੂਲੈਂਸਾਂ ਰੂਪਨਗਰ, ਦੋ ਐਸਏਐਸ ਨਗਰ, ਤਿੰਨ ਸ਼ਹੀਦ ਭਗਤ ਸਿੰਘ ਨਗਰ ਤੇ ਇੱਕ ਹੁਸ਼ਿਆਰਪੁਰ ਦੇ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਾਉਣਗੀਆਂ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਕੇਂਦਰ ਤੋਂ ਮੁਹਾਲੀ ਸਰਕਾਰੀ ਮੈਡੀਕਲ ਕਾਲਜ ਨੂੰ ਮਨਜ਼ੂਰੀ ਲਈ ਨਿੱਜੀ ਤੌਰ ‘ਤੇ ਕੀਤੇ ਯਤਨਾਂ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਇਸ ਕਾਲਜ ਦੇ ਪ੍ਰਸਤਾਵ ਦੀ ਅਸਰਦਾਰ ਢੰਗ ਨਾਲ ਪੈਰਵੀ ਨਹੀਂ ਕੀਤੀ ਤੇ ਅਸਲ ਵਿੱਚ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਪੱਸ਼ਟ ਤੌਰ ‘ਤੇ ਇਸ ਨਾਲ ਸਬੰਧਤ ਫਾਈਲ ਬਾਰੇ ਆਪਣੀ ਅਸਮਰਥਾ ਜ਼ਾਹਿਰ ਕੀਤੀ ਸੀ।
ਸੂਬੇ ਵਿੱਚ ਪੰਜ ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਬਾਰੇ ਕਾਂਗਰਸ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਸ ਦਾ ਆਗ਼ਾਜ਼ ਮੁਹਾਲੀ ਤੋਂ ਕੀਤਾ ਗਿਆ ਹੈ ਤੇ ਬਾਕੀ ਚਾਰ ਥਾਵਾਂ ਲਈ ਯੋਜਨਾਵਾਂ ਨੂੰ ਵੀ ਜਲਦੀ ਅਮਲੀਜਾਮਾ ਪਹਿਨਾਇਆ ਜਾਵੇਗਾ। ਇਸ ਦੌਰਾਨ ਸਿਹਤ ਮੰਤਰੀ ਨੇ ਮੁੱਖ ਮੰਤਰੀ ਨਾਲ ਮਿਲ ਕੇ ਮੁਹਾਲੀ ਮੈਡੀਕਲ ਕਾਲਜ ਲਈ ਯੋਜਨਾਵਾਂ ਦੀ ਸਮੀਖਿਆ ਕੀਤੀ।























