

ਮਾਨਸਾ, 26 ਜੂਨ (ਸਾਰਾ ਯਹਾ,ਬਲਜੀਤ ਸ਼ਰਮਾ) : ਵਿਸ਼ਵ ਨਸ਼ਾ ਵਿਰੋਧੀ ਦਿਵਸ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੱਜ ਸਥਾਨਕ ਬੱਚਤ ਭਵਨ ਅਤੇ ਡੀ.ਡੀ. ਫੋਰਟ ਪੈਲੇਸ ਵਿਖੇ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਨਸ਼ੇ ਦੇ ਕੋਹੜ ਨੂੰ ਜੜੋਂ ਵੱਢਣ ਲਈ ਸਾਂਝਾ ਹੰਭਲਾ ਮਾਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਨਸ਼ਿਆਂ ਨੂੰ ਕਾਫ਼ੀ ਠੱਲ੍ਹ ਪਈ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਜਿੱਥੇ ਕੈਂਪਾਂ ਰਾਹੀਂ ਜਾਗਰੂਕ ਕਰਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ, ਉੱਥੇ ਹੀ ਨਸ਼ਾ ਛੁਡਾਊ ਕੇਂਦਰਾਂ ਅਤੇ ਓਟ ਕੇਂਦਰਾਂ ਵਿਚ ਇਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਹਾਜ਼ਰੀਨ ਨੂੰ ਦੇਸ਼ ਦੀ ਬਿਹਤਰੀ ਅਤੇ ਸੁਰੱਖਿਆ ਲਈ ਨਸ਼ਿਆਂ ਖਿਲਾਫ਼ ਸਹੁੰ ਚੁਕਾਉਂਦਿਆਂ ਲੋਕਾਂ ਨੂੰ ਪ੍ਰਣ ਦਵਾਇਆ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਬਣਾਉਣ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਪ੍ਰਣ ਲੈਂਦਿਆਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਿਆਂ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡੈਪੋ ਤੇ ਬਡੀ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਅੱਗੇ ਵੀ ਹਰ ਸੰਭਵ ਕੀਤੇ ਜਾਣਗੇ ਅਤੇ ਬਹੁਤ ਜਲਦ ਸਾਰੇ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸ਼ੇ ਤੋਂ ਪੀੜਤ ਜੋ ਵਿਅਕਤੀ ਆਪਣਾ ਇਲਾਜ਼ ਕਰਵਾਉਣ ਲਈ ਆਉਂਦੇ ਹਨ ਉਨ੍ਹਾਂ ਲਈ ਵਿਸ਼ੇਸ਼ ਸਕਿੱਲ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਪੈਰਾਂ ਸਿਰ ਖੜ੍ਹੇ ਹੋ ਸਕਣ।
ਐਸ.ਐਸ.ਪੀ. ਸ੍ਰੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਖਿਲਾਫ਼ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੁਹਿੰਮ ਵਿੱਢੀ ਗਈ ਹੈ ਅਤੇ ਅਜਿਹੇ ਕਿਸੇ ਵੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਸਪਾਸ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਇਤਲਾਹ ਤੁਰੰਤ ਹੀ ਪੁਲਿਸ ਪ੍ਰਸ਼ਾਸ਼ਨ ਨੂੰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਤਲਾਹ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਹਾਡੇ ਨਜ਼ਦੀਕ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਛੱਡਣ ਅਤੇ ਆਪਣਾ ਇਲਾਜ਼ ਕਰਵਾਉਣ ਲਈ ਪ੍ਰੇਰਿਆ ਜਾਵੇ। ਉਨ੍ਹਾਂ ਦੱਸਿਆ ਗਿਆ ਡੈਪੋ ਪ੍ਰੋਗਰਾਮ ਤਹਿਤ ਡੈਪੋਜ਼ ਦਾ ਮੁੱਖ ਮੰਤਵ ਨਸ਼ੇ ਦੀ ਦਲਦਲ ਵਿਚ ਧਸੇ ਨੌਜਵਾਨਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਉਨ੍ਹਾਂ ਨੂੰ ਬਿਹਤਰ ਇਲਾਜ਼ ਲਈ ਪ੍ਰੇਰਨਾ ਹੈ।
ਇਸ ਮੌਕੇ ਐਸ.ਪੀ. ਕੁਲਦੀਪ ਸਿੰਘ ਸੋਹੀ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ ਨੇ ਵੀ ਸੰਬੋਧਨ ਕੀਤਾ ਅਤੇ ਨਸ਼ਿਆਂ ਖਿਲਾਫ਼ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ।
ਇਸ ਮੌਕੇ ਪੰਜਾਬੀ ਗਾਇਕ ਹਰਮਨ ਸਿੱਧੂ ਨੇ ਆਪਣੀ ਨਸ਼ਿਆਂ ਦੀ ਆਦਤ ਦੇ ਕਾਰਨਾਂ ਤੋਂ ਲੈ ਕੇ ਇਸ ਆਦਤ ਨੂੰ ਛੱਡਣ ਤੱਕ ਦਾ ਸਫ਼ਰ ਸਾਂਝਾ ਕੀਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਚਾਹੁੰਣ ਤਾਂ ਨਸ਼ਾ ਛੱਡ ਸਕਦੇ ਹਨ, ਇਸ ਲਈ ਸਵੈ ਇੱਛਾਂ ਅਤੇ ਮਾਪਿਆਂ ਦਾ ਸਾਥ ਜ਼ਰੂਰੀ ਹੁੰਦਾ ਹੈ। ਇਸ ਮੌਕੇ ਉਨ੍ਹਾਂ ਨਾਲ ਆਏ ਕਾਮੇਡੀ ਕਲਾਕਾਰ ਸਤਿਗੁਰ ਸੁਨਾਮੀ ਨੇ ਆਪਣੀ ਕਾਮੇਡੀ ਦੇ ਰੰਗ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ ਦਾ ਹੋਕਾ ਦਿੱਤਾ।
ਸਮਾਗਮ ਵਿਚ ਜਿੱਥੇ ਸਟੇਜ਼ ਸਕੱਤਰ ਦੀ ਭੂਮਿਕਾ ਏ.ਐਸ.ਆਈ. ਸ੍ਰੀ ਬਲਵੰਤ ਸਿੰਘ ਭੀਖੀ ਨੇ ਨਿਭਾਈ ਉਥੇ ਹੀ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੋਂ ਇਲਵਾ ਪੰਚਾਇਤ ਮੈਂਬਰਾਂ, ਯੂਥ ਕਲੱਬਾਂ ਦੇ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਪਿੰਡਾਂ ਦੇ ਨੌਜਵਾਨ ਅਤੇ ਔਰਤਾਂ ਨੇ ਸਮਾਗਮ ਵਿਚ ਭਾਗ ਲਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ, ਡੀ.ਐਸ.ਪੀ. ਸਬ ਡਵੀਜ਼ਨ ਸ੍ਰੀ ਬਲਜਿੰਦਰ ਸਿੰਘ ਪੰਨੂ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸ਼ੁਭਾਸ਼ ਚੰਦਰ, ਜ਼ਿਲ੍ਹਾ ਖੇਡ੍ਹ ਅਫ਼ਸਰ ਸ੍ਰੀ ਹਰਪਿੰਦਰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੰਜੀਵ ਓਬਰਾਏ, ਡਾ. ਰਣਜੀਤ ਰਾਏ, ਡਾ. ਹਰਪਾਲ ਸਰਾਂ, ਡਾ. ਸ਼ਵੀ ਬਜਾਜ, ਪ੍ਰਧਾਨ ਨਗਰ ਕੌਂਸਲ ਸ੍ਰੀ ਮਨਦੀਪ ਗੋਰਾ, ਪ੍ਰਧਾਨ ਵਪਾਰਕ ਮੰਡਲ ਸ੍ਰੀ ਮਨੀਸ਼ ਬੱਬੀ ਦਾਨੇਵਾਲੀਆ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਆਏ ਡੈਪੋਜ਼ ਅਤੇ ਸਾਂਝ ਕੇਂਦਰ ਦੇ ਮੁਲਾਜ਼ਮ ਮੌਜੂਦ ਸਨ।























