

ਚੰਡੀਗੜ੍ਹ: ਦਿੱਲੀ ਹਾਈਕਮਾਨ ਵੱਲੋਂ ਵਿਰੋਧੀ ਧਿਰ ਦੇ ਲੀਡਰ ਵਜੋਂ ਹਟਾਏ ਜਾਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਵਿਰੁੱਧ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ। ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਹੁਕਮਰਾਨਾਂ ਨੇ ਬਿਲਕੁਲ ਉਹੀ ਕੀਤਾ ਜੋ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਚਾਹੁੰਦੀਆਂ ਸਨ।
ਖਹਿਰਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਦਾ ਅਹੁਦਾ ਪੰਜਾਬ ਤੇ ਪੰਜਾਬੀਅਤ ਪ੍ਰਤੀ ਪੂਰੀ ਗੰਭੀਰਤਾ, ਇਮਾਨਦਾਰੀ ਤੇ ਨਿਡਰ ਹੋ ਕੇ ਨਿਭਾਇਆ। ਜੇਕਰ ਸੱਚ ਬੋਲਣ ਤੇ ਮੁੱਦੇ ਚੁੱਕਣ ਦਾ ਨਤੀਜਾ ਇਹੋ ਹੈ ਤਾਂ ਮੈਂ ਪੰਜਾਬ, ਪੰਜਾਬੀਆਂ ਤੇ ਸਿੱਖਾਂ ਤੋਂ ਅਜਿਹੇ 100 ਅਹੁਦੇ ਵਾਰਨ ਲਈ ਤਿਆਰ ਹਾਂ।
ਜ਼ਿਕਰਯੋਗ ਹੈ ਕਿ ਵੀਰਵਾਰ ਬਾਅਦ ਦੁਪਹਿਰ ਆਮ ਆਦਮੀ ਪਾਰਟੀ ਨੇ ਖਹਿਰਾ ਨੂੰ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਲੀਡਰ ਦੇ ਅਹੁਦੇ ਤੋਂ ਹਟਾਉਣ ਦਾ ਫੁਰਮਾਨ ਜਾਰੀ ਕੀਤਾ ਸੀ। ਖਹਿਰ ਦੀ ਥਾਂ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਗਿਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਟਵੀਟ ਰਾਹੀਂ ਇਸ ਦੀ ਸੂਚਨਾ ਦਿੱਤੀ।























