

ਮਾਨਸਾ 20 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਮਾਨਸਾ ਬਲਾਕ ਦੇ ਪਿੰਡ ਖਿਆਲਾ ਕਲਾਂ, ਖਿਆਲਾ ਖੁਰਦ ਅਤੇ ਮਲਕਪੁਰ ਖਿਆਲਾ ਦੀ ਸਾਂਝੀ ਅਨਾਜ ਮੰਡੀ ਵਿੱਚ 19 ਨਵੰਬਰ ਤੋਂ ਝੋਨੇ ਦੀ ਖਰੀਦ ਬੰਦ ਹੋਣ ‘ਤੇ ਮਜਬੂਰ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਝੰਡੇ ਹੇਠ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਇਕੱਠ ਕੀਤਾ ਗਿਆ । ਇਕੱਠ ਮੌਕੇ ਬੋਲਦਿਆਂ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਬਿਜਾਈ ਮੌਕੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਬੀਜਣ ਦਾ ਸਲਾਹ ਦਿੱਤੀ ਗਈ ਸੀ ਪਰ ਜਦੋਂ ਵੱਡੀ ਪੱਧਰ ਉੱਤੇ ਲੋਕਾਂ ਵੱਲੋਂ ਸਰਕਾਰ ਦੀ ਗੱਲ ਉੱਤੇ ਪਹਿਰਾ ਦਿੰਦਿਆਂ ਦੱਸੀਆਂ ਕਿਸਮਾਂ ਦੀ ਬਿਜਾਈ ਕੀਤੀ ਗਈ ਤਾਂ ਹੁਣ ਮੰਡੀਆਂ ਵਿੱਚ ਖਰੀਦ ਬੰਦ ਹੋਣ ਕਾਰਨ ਲੋਕ ਮੰਡੀਆਂ ਵਿੱਚ ਰੁਲਣ ਲਈ ਮਜ਼ਬੂਰ ਹਨ । ਉਨ੍ਹਾਂ ਕਿਹਾ ਕਿ ਬੇ-ਮੌਸਮੀ ਬਰਸਾਤ ਅਤੇ ਗਰਮੀ ਪੈਣ ਕਾਰਨ ਜਿੱਥੇ ਝੋਨੇ ਦੇ ਝਾੜ ਘਟਣ ਕਾਰਨ ਨੁਕਸਾਨ ਹੋਇਆ ਹੈ ਉੱਥੇ ਹੀ ਖਰੀਦ ਬੰਦ ਹੋਣ ਕਾਰਨ ਹਫਤਿਆਂ ਵੱਧੀ ਮੰਡੀਆਂ ਵਿੱਚ ਪਈ ਫਸਲ ਸੁੱਕਣ ਕਾਰਨ ਦੋਹਰੀ ਮਾਰ ਪੈ ਰਹੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਾਣਾ-ਦਾਣਾ ਚੁੱਕਣ ਦੇ ਦਮਗਜੇ ਹਵਾਈ ਹੋ ਚੁੱਕੇ ਹਨ । ਅੱਜ ਕਿਸਾਨਾਂ ਦੀ ਮਜਬੂਰੀ ਨੂੰ ਦੇਖਦਿਆਂ ਭਾਕਿਯੂ ਏਕਤਾ ਡਕੌਂਦਾ ਵੱਲੋਂ ਅਨਾਜ ਮੰਡੀ ਵਿੱਚ ਇਕੱਠ ਕੀਤਾ ਗਿਆ ਅਤੇ ਸਰਕਾਰ ਵਿਰੋਧੀ ਰੋਹ ਭਰਪੂਰ ਨਾਹਰੇਬਾਜ਼ੀ ਕੀਤੀ ਗਈ। ਲੋਕਾਂ ਦੇ ਜੋਸ਼ ਅਤੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਮੌਕੇ ‘ਤੇ ਆਏ ਅਧਿਕਾਰੀਆਂ ਵੱਲੋਂ ਮੰਡੀ ਵਿੱਚ ਖਰੀਦ ਨੂੰ ਤੁਰੰਤ ਚਾਲੂ ਕਰਨ ਅਤੇ ਨਾਲ ਹੀ ਖੇਤਾਂ ਵਿੱਚ ਖੜੀ ਫਸਲ ਨੂੰ ਆਉਂਦੇ ਦਿਨਾਂ ਵਿੱਚ ਖਰੀਦ ਕਰਨ ਦਾ ਭਰੋਸਾ ਦਿੱਤਾ ਗਿਆ । ਜਿਸ ਉੱਤੇ ਜਥੇਬੰਦੀ ਵੱਲੋਂ ਧਰਨੇ ਦੀ ਸਮਾਪਤੀ ਕੀਤੀ ਗਈ । ਇਸ ਮੌਕੇ ਸਿਕੰਦਰ ਸਿੰਘ, ਗੁਰਸੇਵਕ ਸਿੰਘ, ਰਾਜਾ ਸਿੰਘ, ਕਰਨੈਲ ਸਿੰਘ, ਸਤਬੀਰ ਸਿੰਘ, ਜਗਸੀਰ ਸਿੰਘ, ਬੀਰਬੱਲ ਸਿੰਘ, ਪਰਗਟ ਸਿੰਘ, ਵਰਿਆਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਰਹੇ ।























