ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਦੇ ਰੋਸ ਵਿੱਚ ਜ਼ਿਲ੍ਹੇ ਦੇ ਚਾਰ ਪਿੰਡਾਂ ਦੇ ਸਕੂਲ ਰਹੇ ਬੰਦ

0
67
ਸਰਦੂਲਗੜ੍ਹ/ ਝੁਨੀਰ (ਬਲਜੀਤਪਾਲ/ ਗੁਰਮੇਲ ਭੰਮਾ):  ਆਪਣੇ ਹੱਕਾਂ ਲਈ ਲੜ ਰਹੀਆਂ ਅਧਿਆਪਕ ਜਥੇਬੰਦੀਆਂ ਦੀ ਮਦਦ ਕਰ ਰਹੇ ਕੁਝ ਅਧਿਆਪਕਾਂ ਦੀਆਂ ਸਿੱਖਿਆ ਵਿਭਾਗ ਵੱਲੋਂ ਅਚਨਚੇਤ ਕੀਤੀਆਂ ਬਦਲੀਆਂ ਕਰਕੇ ਮਾਨਸਾ ਜ਼ਿਲ੍ਹੇ ਦੇ ਅੱਜ ਚਾਰ ਸੀਨੀਅਰ ਸੈਕੰਡਰੀ ਸਕੂਲ ਪੂਰਨ ਤੌਰ ਤੇ ਬੰਦ ਰਹੇ । ਅਧਿਆਪਕ ਜਥੇਬੰਦੀਆਂ ਦੇ ਸੰਘਰਸ਼ ਨੂੰ ਮੱਠਾ ਪਾਉਣ ਦੀ ਨੀਅਤ ਨਾਲ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਗਈਆਂ ਬਦਲੀਆਂ ਵਿੱਚ ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਪੰਜਾਬੀ ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲ ਰਾਏਪੁਰ , ਅਨੂਬਾਲਾ ਸਾਇੰਸ ਅਧਿਆਪਕ ਰਾਏਪੁਰ, ਗੁਰਦਾਸ ਸਿੰਘ ਹਿੰਦੀ ਮਾਸਟਰ ਸੀਨੀਅਰ ਸੈਕੰਡਰੀ ਸਕੂਲ ਬਾਜੇਵਾਲਾ, ਕਰਮਜੀਤ ਸਿੰਘ ਸਾਇੰਸ ਮਾਸਟਰ ਦਲੇਲਵਾਲਾ, ਮੋਲਕ ਸਿੰਘ ਹੈੱਡ ਟੀਚਰ ਸੱਦਾ ਸਿੰਘ ਵਾਲਾ ਦੀਆਂ ਬਦਲੀਆਂ ਤਰਨਤਾਰਨ, ਅਮਿ੍ੰਤਸਰ , ਖੇਮਕਰਨ ਆਦਿ ਦੂਰ ਦੇ ਸਟੇਸ਼ਨਾਂ ਤੇ ਕਰ ਦਿੱਤੀਆਂ ਗਈਆਂ ਹਨ । ਜਿਸ ਨੂੰ ਲੈ ਕੇ ਅੱਜ ਉਕਤ ਚਾਰੇ ਪਿੰਡਾਂ ਦੇ ਸਕੂਲ ਦੇ ਗੇਟ ਅੱਗੇ ਸਮੂਹ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੇ ਧਰਨੇ ਲਗਾ ਕੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਓਪੀ ਸੋਨੀ  ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਇਹ ਬਦਲੀਆਂ ਰੱਦ ਕਰਾਉਣ ਦੀ ਮੰਗ ਕੀਤੀ ।  ਪਿੰਡ ਰਾਏਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਸੈਂਕੜਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨੇ ਧਰਨਾ ਲਗਾ ਕੇ ਨਾਅਰੇਬਾਜ਼ੀ ਕਰਦਿਆਂ ਕੀਤੀਆਂ ਗਈਆਂ ਬਦਲੀਆਂ ਰੱਦ ਕਰਨ ਦੀ ਮੰਗ ਕੀਤੀ। ਇਸੇ ਤਰ੍ਹਾਂ ਪਿੰਡ ਬਾਜੇਵਾਲਾ ਦੇ ਸੀਨੀਅਰ ਸੈਕੰਡਰੀ ਸਕੂਲ ਅੱਗੇ ਵੀ ਪਿੰਡ ਵਾਸੀਆਂ ਅਤੇ ਸਕੂਲ ਵਿਦਿਆਰਥੀਆਂ ਨੇ ਧਰਨਾ ਲਗਾ ਕੇ ਕੀਤੀਆਂ ਗਈਆਂ ਬਦਲੀਆਂ ਰੱਦ ਕਰਨ ਦੀ ਮੰਗ ਕਰਦਿਆਂ ਸਰਕਾਰ ਅਤੇ ਸਿਖਿਆ ਵਿਭਾਗ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ । ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਪਿੰਡ ਰਾਏਪੁਰ ਅਤੇ ਬਾਜੇਵਾਲਾ ਸਕੂਲਾਂ ਦੇ ਗੇਟ ਅੱਗੇ ਧਰਨਾ ਲਗਾ ਕੇ ਬੈਠੇ ਧਰਨਾਕਾਰੀਆਂ ਨਾਲ ਗੱੱਲਬਾਤ ਕਰਦਿਆਂ ਕਿਹਾ ਕਿ ਇਹ ਬਦਲੀਆਂ ਸਿੱਖਿਆ ਵਿਭਾਗ ਵੱਲੋਂ ਉੱਪਰ ਤੋਂ ਹੋ ਕੇ ਆਈਆਂ ਹਨ ਪਰ ਫੇਰ ਵੀ ਉਹ ਮੌਜੂਦਾ ਸਥਿਤੀ ਦਾ ਸਿੱਖਿਆ ਸਕੱਤਰ ਅਤੇ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ  ਗੱਲਬਾਤ ਕਰਕੇ ਇਸ ਸਮੱਸਿਆ ਦਾ ਜ਼ਰੂਰ ਕੋਈ ਢੁੱਕਵਾਂ ਹੱਲ ਲੱਭਣਗੇ । ਉਧਰ ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਇਹ ਬਦਲੀਆਂ ਰੱਦ ਨਹੀਂ ਕੀਤੀਆਂ ਜਾਂਦੀਆਂ ਤਾਂ ਲੰਬੇ ਸਮੇਂ ਤੱਕ ਸਕੂਲ ਦੇ ਗੇਟ ਨੂੰ ਜਿੰਦਰਾ ਲਗਾ ਕੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕਾਂ ਦੀਆਂ ਵੱਡੀ ਗਿਣਤੀ ਵਿਚ ਅਸਾਮੀਆਂ ਖਾਲੀ ਪਈਆਂ ਹਨ। ਨਵੀਆਂ ਆਸਾਮੀਆਂ ਭਰਨ ਦੀ ਬਜਾਏ ਸਿੱਖਿਆ ਵਿਭਾਗ ਨੇ ਪਹਿਲਾਂ ਤੋਂ ਡਿਊਟੀ ਕਰ ਰਹੇ ਅਧਿਆਪਕਾਂ ਦੀਆਂ ਇੱਥੋਂ ਬਦਲੀਆਂ ਕਰਕੇ ਪਿੰਡ ਵਾਸੀਆਂ ਅਤੇ ਬੱਚਿਆਂ ਦੇ ਭਵਿੱਖ ਨਾਲ ਖਲਵਾੜ ਕੀਤਾ ਹੈ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਕੂਲਾਂ ਵਿਚ ਪਹਿਲਾਂ ਹੀ ਅਧਿਆਪਕਾਂ ਦੀ ਕਮੀ ਹੈ  ਹੁਣ ਇਹ ਬਦਲੀਆਂ ਹੋਣ ਨਾਲ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਪੈ ਜਾਵੇਗਾ ਤੇ ਉਨ੍ਹਾਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋਵੇਗਾ । ਪਿੰਡ ਰਾਏਪੁਰ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਐਸਡੀਐਮ ਸਰਦੂਲਗੜ੍ਹ ਲਤੀਫ਼ ਅਹਿਮਦ ਨੇ ਕਿਹਾ ਕਿ ਸਕੂਲ ਨੂੰ ਜਿੰਦਰਾ ਲਗਾਉਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਵੇਗਾ ਸਗੋਂ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ ਉਨ੍ਹਾਂ ਕਿਹਾ ਕਿ ਉਹ ਇਸ ਮੌਜੂਦਾ ਸਥਿਤੀ ਬਾਰੇ ਡਿਪਟੀ ਕਮਿਸ਼ਨਰ ਮਾਨਸਾ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਜਲਦੀ ਹੀ ਕੋਈ ਠੋਸ ਹੱਲ ਲੱਭਣਗੇ  ।  ਇਸ ਮੌਕੇ ਪਿੰਡ ਰਾਏਪੁਰ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਪੰਮੀ, ਰਾਜ ਸਿੰਘ ਰਾਜੂ,  ਪ੍ਰਧਾਨ ਅਜੈਬ ਸਿੰਘ ਰਾਮਗੜ੍ਹੀਆ, ਯੂਥ ਆਗੂ  ਜਗਦੀਪ ਸਿੰਘ ਭੁਟੋ,  ਬਲਾਕ ਸੰਮਤੀ ਮੈਂਬਰ ਹਰਮਿੰਦਰ ਸਿੰਘ, ਗਗਨਦੀਪ ਸਿੰਘ , ਨੰਬਰਦਾਰ ਦਰਸਨ ਸਿੰਘ, ਸੇਵਕ ਸਿੰਘ ਮਾਖਾ, ਬਾਜੇ ਵਾਲੇ ਤੋਂ ਪੋਲੋਜੀਤ ਸਿੰਘ ਬਾਜੇਵਾਲਾ, ਮਾਣਾ ਸਿੰਘ, ਗੁਰਜੀਤ ਸ਼ੀਹ, ਸਮਿੰਦਰ ਸਿੰਘ ਰਾਮਾਨੰਦੀ, ਪ੍ਰਗਟ  ਸਿੰਘ, ਰਾਜ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ ।

EDITED BY : SARA YAHA | | Last Updated : 6:45 pm 29 October 2018

LEAVE A REPLY

Please enter your comment!
Please enter your name here