ਅਕਤੂਬਰ ਮਹੀਨੇ ਦੌਰਾਨ 4303 ਵਿਅਕਤੀਆਂ ਨੇ ਲਿਆ ਸਾਂਝ ਕੇਂਦਰਾਂ ਦਾ ਲਾਹਾ : ਐਸ.ਐਸ.ਪੀ.

0
17

ਮਾਨਸਾ, 30 ਨਵੰਬਰ (ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਸ਼੍ਰੀ ਮਨਧੀਰ ਸਿੰਘ ਨੇ ਦੱਸਿਆ ਕਿ ਸਾਂਝ ਕੇਂਦਰ ਆਮ ਜਨਤਾ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਈ ਸਿੱਧ ਹੋ ਰਹੇ ਹਨ ਅਤੇ ਆਮ ਲੋਕਾਂ ਨੂੰ ਇੱਕੋ ਛੱਤ ਹੇਠ ਹੀ ਇਹ ਸਾਰੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਨਾਲ ਜਨਤਾ ਦੇ ਕੀਮਤੀ ਸਮੇਂ ਅਤੇ ਧਨ ਦੀ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮਹੀਨਾ ਅਕਤੂਬਰ ਦੌਰਾਨ ਜ਼ਿਲ੍ਹੇ ਵਿਚ ਖੋਲ੍ਹੇ ਗਏ ਸਾਂਝ ਕੇਂਦਰਾਂ ਤੋਂ 4303 ਵਿਅਕਤੀਆਂ ਨੇ ਸੇਵਾਵਾਂ ਪ੍ਰਾਪਤ ਕੀਤੀਆਂ ਹਨ।
ਐਸ.ਐਸ.ਪੀ. ਸ਼੍ਰੀ ਮਨਧੀਰ ਸਿੰਘ ਨੇ ਦੱਸਿਆ ਕਿ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਸਾਂਝ ਕੇਂਦਰ, ਸਬ ਡਵੀਜ਼ਨ ਪੱਧਰ ਵਿਖੇ ਸਥਾਪਿਤ ਸਾਂਝ ਕੇਂਦਰ ਅਤੇ ਥਾਣਿਆਂ ਵਿੱਚ ਸਥਾਪਿਤ ਪੁਲਿਸ ਸਟੇਸ਼ਨ ਸਾਂਝ ਕੇਂਦਰ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਕਾਫੀ ਲਾਭਦਾਇਕ ਸਾਬਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਆਧੁਨਿਕ ਸਹੂਲਤਾਂ ਅਤੇ ਕੰਪਿਊਟਰਾਈਜ਼ਡ ਪ੍ਰਣਾਲੀ ਨਾਲ ਲੈਸ ਇਹਨਾਂ ਸਾਂਝ ਕੇਂਦਰਾਂ ਵਿਖੇ ਪੰਜਾਬ ਸੇਵਾ ਅਧਿਕਾਰ ਐਕਟ 2011 ਅਧੀਨ ਪੁਲਿਸ ਵਿਭਾਗ ਨਾਲ ਸਬੰਧਤ ਸੇਵਾਵਾਂ ਇੱਕ ਛੱਤ ਹੇਠ ਆਸਾਨ ਪ੍ਰਣਾਲੀ ਰਾਹੀਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਅਕਤੂਬਰ ਮਹੀਨੇ ਦੌਰਾਨ ਅਸਲੇ ਲਾਇਸੰਸ ਨੂੰ ਨਵਿਆਉਣ ਸਬੰਧੀ ਪੜਤਾਲ ਦੇ 254, ਅਸਲੇ ਦੇ ਵਾਧੇ-ਘਾਟੇ ਲਈ 27, ਐਫ.ਆਈ.ਆਰ ਤੇ ਡੀ.ਡੀ.ਆਰ. ਸਬੰਧੀ 1083, ਕਿਰਾਏਦਾਰਾਂ ਅਤੇ ਨੌਕਰਾਂ ਦੇ ਚਾਲ-ਚਲਣ ਸਬੰਧੀ 19, ਗੱਡੀਆਂ ਦੇ ਇਤਰਾਜਹੀਣਤਾ ਸਰਟੀਫਿਕੇਟ ਸਬੰਧੀ 176 ਅਤੇ ਸਰਵਿਸ ਵੈਰੀਫਿਕੇਸ਼ਨ ਸਬੰਧੀ ਪ੍ਰਾਪਤ ਹੋਈਆਂ 97 ਦਰਖਾਸਤਾਂ ਦਾ ਨਿਪਟਾਰਾ ਨਿਸ਼ਚਿਤ ਸਮੇਂ ਸੀਮਾ ਅੰਦਰ ਕੀਤਾ ਜਾ ਚੁੱਕਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਚਾਲ-ਚਲਣ ਤਸਦੀਕ ਕਰਨ ਸਬੰਧੀ 252, ਪਾਸਪੋਰਟ ਵੈਰੀਫਿਕੇਸ਼ਨ ਸਬੰਧੀ 1301, ਨਵੇਂ ਅਸਲਾ ਲਾਇਸੰਸ ਦੇ ਤਸਦੀਕ ਲਈ 13, ਸ਼ਿਕਾਇਤਾਂ ਦੀ ਪੜਤਾਲ ਸਬੰਧੀ 576, ਸ਼ਿਕਾਇਤਾਂ ਸਬੰਧੀ ਕੀਤੀ ਗਈ ਕਾਰਵਾਈ ਦੀ ਸੂਚਨਾ ਦੇਣ ਸਬੰਧੀ 442 ਅਤੇ ਪਾਸਪੋਰਟ ਨਾਲ ਸਬੰਧਤ ਹੋਰ ਸੇਵਾਵਾਂ ਸਬੰਧੀ ਕੁੱਲ 53 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਲਾਊਡ ਸਪੀਕਰ ਦੇ ਇਤਰਾਜਹੀਣਤਾ ਸਰਟੀਫਿਕੇਟ ਸਬੰਧੀ 2 ਅਤੇ ਮੇਲਿਆਂ, ਪ੍ਰਦਰਸ਼ਨੀਆਂ ਅਤੇ ਖੇਡਾਂ ਦੇ ਇਤਰਾਜਹੀਣਤਾ ਸਰਟੀਫਿਕੇਟਾਂ ਸਬੰਧੀ 8 ਦਰਖ਼ਾਸਤਾਂ ਦਾ ਨਿਸ਼ਚਿਤ ਸਮੇਂ ਸੀਮਾ ਅੰਦਰ ਨਿਪਟਾਰਾ ਕੀਤਾ ਜਾ ਚੁੱਕਾ ਹੈ।
ਐਸ.ਐਸ.ਪੀ. ਨੇ ਕਿਹਾ ਕਿ ਸਾਂਝ ਕੇਂਦਰ ਰੀ-ਡਰੈਸਲ ਯੁਨਿਟ ਵਜੋਂ ਵੀ ਕੰਮ ਕਰ ਰਹੇ ਹਨ, ਜਿੱਥੇ ਔਰਤਾਂ ਤੇ ਬੱਚਿਆਂ ਨਾਲ ਸਬੰਧਤ ਆਰਥਿਕ, ਸਮਾਜਿਕ ਅਤੇ ਹੋਰ ਮਸਲਿਆਂ ਨੂੰ ਨਿਵਾਰਨ ਹਿੱਤ ਕਮੇਟੀ ਮੈਂਬਰਾਂ ਵੱਲੋਂ ਵਿਚਾਰਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਾਂਝ ਕੇਂਦਰ ਵੱਲੋਂ ਸਮੇਂ-ਸਮੇਂ ‘ਤੇ ਖੂਨਦਾਨ ਕੈਂਪ ਲਗਾ ਕੇ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਸਮਾਜਿਕ ਗਤੀਵਿਧੀਆਂ ਸਬੰਧੀ ਜਾਣੂ ਕਰਵਾ ਕੇ ਸਮਾਜ ਭਲਾਈ ਨਾਲ ਸਬੰਧਤ ਕੰਮਾਂ ਲਈ ਪ੍ਰੇਰਿਆ ਜਾਂਦਾ ਹੈ।
ਉਨ੍ਹਾਂ ਆਮ ਲੋਕਾਂ ਨੂੰ ਪੁਲਿਸ ਸਾਂਝ ਕੇਂਦਰਾਂ ਦੀਆਂ ਸੁਵਿਧਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਜ਼ਿਲ੍ਹੇ ਵਿਚ ਅਮਨ ਤੇ ਕਾਨੂੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਵਿਚ ਜ਼ਿਲ੍ਹਾ ਪੁਲਿਸ ਵਿਭਾਗ ਵਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।


EDITED BY : SARA YAHA | | Last Updated : 6:21 PM 30 ਨਵੰਬਰ 2018

LEAVE A REPLY

Please enter your comment!
Please enter your name here