

ਨਵੀਂ ਦਿੱਲੀ(ਸਾਰਾ ਯਾਹਾ) — ਹੁਣ ਜਲਦ ਹੀ ਰਾਸ਼ਟਰੀ ਰਾਜਮਾਰਗ ‘ਤੇ ਜਿੰਨੀ ਦੂਰੀ ਦਾ ਸਫਰ ਤੁਸੀਂ ਗੱਡੀ ‘ਚ ਤੈਅ ਕਰੋਗੇ ਤੁਹਾਡੇ ਕੋਲੋਂ ਟੋਲ ਵੀ ਓਨਾ ਹੀ ਲਿਆ ਜਾਵੇਗਾ। ਜਦੋਂ ਵੀ ਤੁਸੀਂ ਰਾਸ਼ਟਰੀ ਰਾਜਮਾਰਗ ‘ਤੇ ਟੋਲ ਅਦਾ ਕਰੋਗੇ, ਤਾਂ ਸੜਕ ‘ਤੇ ਤੁਹਾਡੇ ਵਾਹਨ ਵੱਲੋਂ ਤੈਅ ਕੀਤੀ ਗਈ ਅਸਲ ਦੂਰੀ ‘ਤੇ ‘ਜਿਓ-ਫੇਂਸਿੰਗ’ ਨਾਲ ਨਜ਼ਰ ਰੱਖੀ ਜਾਵੇਗੀ। ਇਸ ਸੁਵਿਧਾ ਦਾ ਪ੍ਰਯੋਗਿਕ ਪ੍ਰੀਖਣ ਅਗਲੇ ਕੁਝ ਹਫਤਿਆਂ ‘ਚ ਦਿੱਲੀ-ਮੁੰਬਈ ਰਾਜਮਾਰਗ ‘ਤੇ ਸ਼ੁਰੂ ਹੋਣ ਦੀ ਉਮੀਦ ਹੈ। ‘ਜਿਓ-ਫੇਂਸਿੰਗ’ ‘ਚ ਜੀ. ਪੀ. ਐੱਸ. ਜਾਂ ਰੇਡੀਓ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ਦੀ ਮਦਦ ਨਾਲ ਸਾਫਟਵੇਅਰ ਇਹ ਦੱਸਣ ‘ਚ ਸਮਰਥ ਹੁੰਦਾ ਹੈ ਕਿ ਗੱਡੀ ਕਦੋਂ ਸੰਬੰਧਤ ਖੇਤਰ ‘ਚ ਦਾਖਲ ਹੋਈ ਜਾਂ ਕਦੋਂ ਉਸ ਖੇਤਰ ‘ਚੋਂ ਬਾਹਰ ਨਿਕਲੀ। ਇਕ ਅਧਿਕਾਰੀ ਮੁਤਾਬਕ, ਇਸ ਨਵੀਂ ਤਕਨੀਕ ਦਾ ਪ੍ਰੀਖਣ ਅਗਲੇ ਦੋ ਤੋਂ ਤਿੰਨ ਹਫਤਿਆਂ ‘ਚ ਦਿੱਲੀ-ਮੁੰਬਈ ਰਾਜਮਾਰਗ ‘ਤੇ ਸ਼ੁਰੂ ਕੀਤਾ ਜਾਵੇਗਾ। ਇਸ ਵਾਸਤੇ ਰਾਜਮਾਰਗ ਦੇ ਹਰੇਕ ਪ੍ਰਵੇਸ਼ ਅਤੇ ਨਿਕਾਸੀ ਸਥਾਨ ‘ਤੇ ਟੋਲ ਪਲਾਜ਼ਾ ਸਥਾਪਤ ਕੀਤਾ ਜਾ ਸਕਦਾ ਹੈ, ਤਾਂ ਕਿ ਇਹ ਯਕੀਨੀ ਹੋ ਸਕੇ ਕਿ ਯਾਤਰੀ ਕੋਲੋਂ ਸਿਰਫ ਤੈਅ ਕੀਤੀ ਗਈ ਦੂਰੀ ਲਈ ਹੀ ਟੋਲ ਚਾਰਜ ਕੀਤਾ ਗਿਆ।
ਜਿਓ ਫੇਂਸਿੰਗ ਪਹਿਲ ਦਾ ਮਕਸਦ ਰਾਸ਼ਟਰੀ ਰਾਜਮਾਰਗਾਂ ‘ਤੇ ਯਾਤਰਾ ਨੂੰ ਸਰਲ ਬਣਾਉਣ ਅਤੇ ਜਾਮ ਵਰਗੇ ਹਾਲਾਤ ਨੂੰ ਖਤਮ ਕਰਨਾ ਹੈ। ਇਸ ਨਾਲ ਟੋਲ ਟੈਕਸ ਦੀ ਚੋਰੀ ‘ਤੇ ਵੀ ਲਗਾਮ ਲੱਗੇਗੀ। ਉੱਥੇ ਹੀ, ਸਰਕਾਰ ਟੋਲ ਪਲਾਜ਼ਿਆਂ ‘ਤੇ ਭੀੜ ਘੱਟ ਕਰਨ ਲਈ ਪਹਿਲਾਂ ਹੀ ਫਾਸਟੈਗ ਵਿਵਸਥਾ ਸ਼ੁਰੂ ਕਰ ਚੁੱਕੀ ਹੈ। ਫਾਸਟੈਗ ਵਾਹਨਾਂ ਦੇ ਸ਼ੀਸ਼ੇ ‘ਤੇ ਲੱਗਾ ਹੁੰਦਾ ਹੈ। ਇਸ ਵਾਸਤੇ ਟੋਲ ਪਲਾਜ਼ਿਆਂ ‘ਤੇ ਵੱਖਰੀ ਲੇਨ ਬਣਾਈ ਗਈ ਹੈ। ਜਿੱਥੇ ਵਾਹਨਾਂ ਨੂੰ ਲਾਈਨਾਂ ‘ਚ ਖੜ੍ਹੇ ਨਹੀਂ ਹੋਣਾ ਪੈਂਦਾ ਅਤੇ ਟੋਲ ਟੈਕਸ ਦਾ ਭੁਗਤਾਨ ਇਲੈਕਟ੍ਰਾਨਿਕ ਤਰੀਕੇ ਨਾਲ ਹੋ ਜਾਂਦਾ ਹੈ। ਹੁਣ ਨਵੀਂ ਤਕਨੀਕ ਦਾ ਇਸਤੇਮਾਲ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਤਹਿਤ ਰਾਜਮਾਰਗ ‘ਤੇ ਗੱਡੀ ਜਿੰਨੀ ਦੂਰੀ ਦਾ ਸਫਰ ਕਰੇਗੀ, ਓਨੀ ਦੂਰੀ ਦਾ ਹੀ ਟੋਲ ਟੈਕਸ ਭਰਨਾ ਹੋਵੇਗਾ।























