

ਮਾਨਸਾ, 28 ਮਾਰਚ (Hira singh mittal): ਕਿਸਾਨਾਂ ਨੂੰ ਬਾਗਬਾਨੀ ਫਸਲਾਂ, ਫੁੱਲਾਂ ਦੀ ਕਾਸ਼ਤ, ਫਲ ਪ੍ਰੋਸੈਸਿੰਗ, ਮੱਧੂ ਮੱਖੀ ਪਾਲਣ, ਸਬਜ਼ੀਆਂ ਦੀ ਕਾਸ਼ਤ ਤੇ ਬਿਮਾਰੀਆਂ ਵਿਸ਼ੇ ‘ਤੇ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਬਾਗਬਾਨੀ ਵਿਭਾਗ ਮਾਨਸਾ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਦਫ਼ਤਰ ਸਹਾਇਕ ਡਾਇਰੈਕਟਰ ਬਾਗਬਾਨੀ, ਪੀ.ਡਬਲਿਊ.ਡੀ. ਕੰਪਲੈਕਸ ਨੇੜੇ ਤਿੰਨਕੋਨੀ ਮਾਨਸਾ ਵਿਖੇ ਲਗਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ਼੍ਰੀ ਦੀਪਕ ਰੁਹੇਲਾ ਨੇ ਸ਼ਿਰਕਤ ਕੀਤੀ। ਕੈਂਪ ਵਿੱਚ 250 ਦੇ ਕਰੀਬ ਕਿਸਾਨਾਂ ਤੇ ਬਾਗਬਾਨਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਸ਼੍ਰੀ ਰੁਹੇਲਾ ਨੇ ਕਿਹਾ ਕਿ ਬਾਗਬਾਨੀ ਦਾ ਕਿੱਤਾ ਬਹੁਤ ਹੀ ਲਾਹੇਵੰਦ ਹੈ ਅਤੇ ਕਿਸਾਨਾਂ ਨੂੰ ਇਸ ਨਾਲ ਜੁੜ ਕੇ ਆਪਣੀ ਆਮਦਨ ਵਿੱਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਬਾਗਬਾਨੀ ਵਿਭਾਗ ਵੱਲੋਂ ਲਗਾਏ ਇਸ ਜ਼ਿਲ੍ਹਾ ਪੱਧਰੀ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲਗਾਉਣ ਨਾਲ ਬਾਗਬਾਨੀ ਦਾ ਕਿੱਤਾ ਉਤਸ਼ਾਹਿਤ ਹੋਵੇਗਾ ਅਤੇ ਜ਼ਿਮੀਦਾਰਾਂ ਨੂੰ ਇਸ ਦਾ ਫਾਇਦਾ ਹੋਵੇਗਾ।
ਸਹਾਇਕ ਡਾਇਰਕੈਟਰ ਬਾਗਬਾਨੀ ਡਾ. ਕਰਨੈਲ ਸਿੰਘ ਵੱਲੋਂ ਵਿਭਾਗ ਦੀ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਯੋਜਨਾ, ਘਰੇਲੂ ਬਗੀਚੀ, ਨਿਊਟ੍ਰਿਸ਼ਨ ਗਾਰਡਨਿੰਗ ਸਬੰਧੀ ਕਿਸਾਨਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਬਰਾੜ ਨੇ ਖੇਤੀਬਾੜੀ ਨਾਲ ਸਬੰਧਿਤ ਵਿਸ਼ਿਆਂ ਤੋਂ ਕਿਸਾਨਾਂ ਨੂੰ ਜਾਣੂ ਕਰਵਾਇਆ ਅਤੇ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਸਬੰਧੀ ਵੀ ਕਿਸਾਨਾਂ ਨੂੰ ਦੱਸਿਆ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ, ਮਿੱਟੀ ਪਰਖ, ਮੱਧੂ ਮੱਖੀ ਕਿੱਤੇ, ਫਲਾਂ ਤੋਂ ਵੱਖ-ਵੱਖ ਪਦਾਰਥ ਤਿਆਰ ਕਰਨ, ਘਰੇਲੂ ਬਗੀਚੀ ਅਤੇ ਨਵੇਂ ਬਾਗ ਲਗਾਉਣ ਤੋਂ ਪਹਿਲਾਂ ਵਿਉਂਤਬੰਦੀ ਕਰਨ ਬਾਰੇ ਵਿਚਾਰ ਸਾਂਝੇ ਕੀਤੇ।
ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ ਬਾਗਬਾਨੀ ਵਿਭਾਗ ਵੱਲੋਂ ਬਾਗਬਾਨਾਂ ਨੂੰ ਸਬਜੀ ਬੀਜ ਦੀਆਂ ਕਿੱਟਾਂ ਅਤੇ ਸਰਕਾਰੀ ਬਾਗ ਅਤੇ ਨਰਸਰੀ ਖੇੜੀ ਤੋਂ ਘਰੇਲੂ ਬਗੀਚੀ ਲਈ ਫਲਦਾਰ ਬੂਟੇ ਸਪਲਾਈ ਕੀਤੇ ਗਏ।
ਇਸ ਮੌਕੇ ਡਾ. ਅਮਰਜੀਤ ਸਿੰਘ ਸੰਧੂ, ਡਾ. ਪ੍ਰਿਤਪਾਲ ਸਿੰਘ, ਡਾ. ਗੁਰਦੀਪ ਸਿੰਘ, ਡਾ. ਰਵਿੰਦਰ ਕੌਰ, ਡਾ. ਬਲਬੀਰ ਸਿੰਘ ਅਤੇ ਡਾ. ਪਰਮੇਸ਼ਰ ਸਿੰਘ ਨੇ ਕਿਸਾਨਾਂ ਨੂੰ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦਿੱਤੀ।























