

ਬਾਲਿਆਂਵਾਲੀ (ਹੀਰਾ ਸਿੰਘ ਮਿੱਤਲ )—ਜ਼ਮੀਨ ਦੀ ਰਜਿਸਟਰੀ ਆਨਲਾਈਨ ਹੋਣ ਤੋਂ ਬਾਅਦ ਲੋਕਾਂ ਦੀ ਖੱਜਲ-ਖੁਆਰੀ ਘਟਣ ਦੀ ਥਾਂ ਵਧ ਜਾਣ ਕਾਰਨ ਤਹਿਸੀਲ ‘ਚ ਕੰਮ ਪਹਿਲਾਂ ਨਾਲੋਂ ਜ਼ਿਆਦਾ ਮੱਠੀ ਰਫਤਾਰ ਨਾਲ ਹੋ ਰਿਹਾ ਹੈ, ਜਿਸ ਨਾਲ ਲੋਕ ਕਈ-ਕਈ ਮਹੀਨੇ ਤਹਿਸੀਲ ‘ਚ ਰਜਿਸਟਰੀ ਨਹੀਂ ਕਰਵਾ ਪਾ ਰਹੇ । ਇਸੇ ਮਸਲੇ ਸਬੰਧੀ ਬੀਤੇ ਦਿਨ ਸਬ-ਤਹਿਸੀਲ ਬਾਲਿਆਂਵਾਲੀ ਵਿਖੇ ਲੋਕਾਂ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਆਨਲਾਈਨ ਸਿਸਟਮ ਬੰਦ ਕਰ ਕੇ ਰਜਿਸਟਰੀਆਂ ਪੁਰਾਣੇ ਤਰੀਕੇ ਨਾਲ ਹੀ ਕਰਨ ਦੀ ਮੰਗ ਕੀਤੀ।
ਕਿਸਾਨ ਆਗੂ ਸਾਧਾ ਸਿੰਘ ਨੇ ਕਿਹਾ ਕਿ ਆਨਲਾਈਨ ਸਿਸਟਮ ਨਾਲ ਲੋਕਾਂ ਨੂੰ ਰਾਹਤ ਮਿਲਣ ਦੀ ਥਾਂ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ। ਅਪਾਇੰਟਮੈਂਟ ਲੈਣ ਤੋਂ ਬਾਅਦ ਵੀ ਮਿੱਥੇ ਦਿਨ ਰਜਿਸਟਰੀ ਨਹੀਂ ਹੁੰਦੀ ਕਿਉਂਕਿ ਕਦੇ ਤਾਂ ਵੈੱਬਸਾਈਟ ‘ਚ ਪ੍ਰਾਬਲਮ ਆ ਜਾਂਦੀ ਹੈ ਅਤੇ ਕਦੇ ਕਿਸੇ ਗਵਾਹ ਦੇ ਨਾ ਆ ਸਕਣ ਕਾਰਨ। ਮੌਕੇ ‘ਤੇ ਗਵਾਹ ਬਦਲਣਾ ਔਖਾ ਹੋ ਜਾਂਦਾ ਹੈ ਕਿਉਂਕਿ ਗਵਾਹ ਦੇ ਦਸਤਾਵੇਜ਼ ਅਪਾਇੰਟਮੈਂਟ ਲੈਣ ਵੇਲੇ ਸਕੈਨ ਕਰ ਕੇ ਵੈੱਬਸਾਈਟ ‘ਤੇ ਚੜ੍ਹਾ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਰਜਿਸਟਰੀ ਫੀਡ ਕਰਨ ‘ਤੇ 20 ਮਿੰਟ ਦਾ ਸਮਾਂ ਲੱਗਦਾ ਹੈ, ਜਿਸ ਉਪਰੰਤ 1 ਰਜਿਸਟਰੀ ਲਈ 3 ਫੋਟੋਆਂ ਕਰਵਾਉਣੀਆਂ ਪੈਂਦੀਆਂ ਹਨ ਤੇ ਬਾਅਦ ‘ਚ ਅੰਗੂਠੇ ਸਕੈਨ ਕੀਤੇ ਜਾਂਦੇ ਹਨ। ਇਸ ਕਾਰਵਾਈ ‘ਚ ਬਹੁਤ ਜ਼ਿਆਦਾ ਸਮਾਂ ਲੱਗਦਾ ਹੈ ਤੇ ਦਿਨ ‘ਚ ਬਹੁਤ ਘੱਟ ਰਜਿਸਟਰੀਆਂ ਹੁੰਦੀਆਂ ਹਨ। ਅਜਿਹੀ ਸਥਿਤੀ ‘ਚ ਤਹਿਸੀਲ ‘ਚ ਸੈਂਕੜੇ ਰਜਿਸਟਰੀਆਂ ਪੈਂਡਿੰਗ ਪਈਆਂ ਹਨ ਅਤੇ ਰੋਜ਼ ਲੋਕ ਆਪਣੇ ਗਵਾਹਾਂ ਨੂੰ ਇਕੱਠੇ ਕਰ ਕੇ ਲਿਆਉਂਦੇ ਹਨ ਪਰ ਫਿਰ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਆਨਲਾਈਨ ਰਜਿਸਟਰੀਆਂ ਬੰਦ ਕੀਤੀਆਂ ਜਾਣ।
FIRST PUBLISHED BY: SARA YAHA






















