ਅੱਜ ਸ਼ਹਿਰ ‘ਚ ਚੱਲਣ ਵਾਲੀ ਥ੍ਰੀ ਡੀ ਪ੍ਰੋਜੈਕਟ ਯੋਜਨਾ ਲੋਕਾਂ ਲਈ ਬਣ ਸਕਦੀ ਹੈ ਬਿਮਾਰੀਆਂ ਦਾ ਘਰ!ਅਗਰ ਸ਼ਹਿਰੋਂ ਬਾਹਰ ਨਾ ਲਿਜਾਇਆ ਗਿਆ ਤਾਂ ਲੋਕ ਕਰਨਗੇ ਸੰਘਰਸ਼

0
120

ਮਾਨਸਾ, 25 ਦਸੰਬਰ (ਬਲਜੀਤ ਸ਼ਰਮਾ) -ਮਾਨਸਾ ਸ਼ਹਿਰ ਦੇ ਲੋਕਾਂ ਨੂੰ ਕੂੜੇ ਦੇ ਢੇਰਾਂ ਤੋਂ ਨਿਜਾਤ ਦਿਵਾਉਣ ਲਈ ਥ੍ਰੀ ਡੀ ਪ੍ਰੋਜੈਕਟ ਯੋਜਨਾ ਲੈ ਕੇ ਆ ਰਹੀ ਨਗਰ ਕੌਂਸਲ ਵੱਲੋਂ ਇਸ ਲਈ ਨਿਰਧਾਰਿਤ ਕੀਤੀ ਜਗਾਂ ਦਾ ਵਿਰੋਧ ਉਠ ਖੜਾ ਹੋਇਆ ਹੈ। ਜਿਥੇ ਕੌਂਸਲ ਨੇ ਇਸ ਪ੍ਰੋਜੈਕਟ ਨੂੰ ਸ਼ਹਿਰ ਲਈ ਫਾਇਦੇਮੰਦ ਦੱÎਸਿਆ ਹੈ, ਉਥੇ ਨਿਰਧਾਰਿਤ ਕੀਤੀ ਜਗਾਂ ਦੇ ਆਸ ਪਾਸ ਰਹਿੰਦੇ ਵਸ਼ਿੰਦਿਆਂ , ਅਧਿਆਪਕਾਂ ਤੇ ਕੁੱਝ ਡਾਕਟਰਾਂ ਦਾ ਕਹਿਣਾ ਹੈ ਕਿ ਇਥੇ ਕੂੜਾ ਰੱਖਣ ਕਾਰਨ ਹਵਾ ਪ੍ਰਦੂਸ਼ਣ ਫੈਲੇਗਾ ਤੇ ਇਸ ਨਾਲ ਬੀਮਾਰੀਆਂ ਫੈਲਣ ਦਾ ਵੀ ਖਤਰਾ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ 26 ਦਸੰਬਰ ਨੂੰ ਡੀਸੀ ਅਪਨੀਤ ਰਿਆਤ ਇਸ ਪ੍ਰੋਜੈਕਟ ਦਾ ਗਊਸ਼ਾਲਾ ਭਵਨ ਮਾਨਸਾ ਵਿਖੇ ਇਕ ਸਮਾਗਮ ਕਰਕੇ ਬਕਾਇਦਾ ਤੌਰ ਤੇ ਉਦਘਾਟਨ ਕਰਨ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਨੇ ਸਵੱਛ ਭਾਰਤ ਅਭਿਆਨ ਤਹਿਤ ਇੱਥੋਂ ਦੇ ਸੀਨੀਅਰ ਸੈਕੰਡਰੀ ਸਕੂਲ ਲੜਕੇ ਦੇ ਬਿਲਕੁੱਲ ਨਾਲ ਪਈ ਇਕ ਸਰਕਾਰੀ ਜਗ੍ਹਾ ਵਿਚ ਥ੍ਰੀ ਡੀ ਪ੍ਰੋਜੈਕਟ ਯੋਜਨਾ ਬਣਾਈ ਹੈ, ਜਿਸ ਦੇ ਅਧੀਨ ਸ਼ਹਿਰ ਵਿਚੋਂ ਕੂੜੇ ਦੇ ਢੇਰ ਖਤਮ ਕਰਕੇ ਉਸ ਕੂੜੇ ਨੂੰ ਵੱਖ ਵੱਖ ਕੰਮਾਂ ਲਈ ਵਰਤਣਾ,ਉਸ ਤੋਂ ਖਾਦ ਬਣਾਉਣੀ, ਫਲਾਂ ਆਦਿ ਦੇ ਛਿਲਕਿਆਂ ਨੂੰ ਛਾਂਟ ਕੇ ਗਊਸ਼ਾਲਾ ਭੇਜਣਾ ਆਦਿ ਸ਼ਾਮਿਲ ਹੈ। ਇਸ ਮਾਮਲੇ ਨੂੰ ਲੈ ਕੇ ਇਸ ਦੇ ਆਸ ਪਾਸ ਦੇ ਖੇਤਰ ਦੇ ਲੋਕਾਂ ਅਤੇ ਉਕਤ ਸਕੂਲ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਅਤੇ ਕੁੱਝ ਅਧਿਆਪਕਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਜਗ੍ਹਾ ਉਪਰ ਸ਼ਹਿਰ ਦਾ ਇਕੱਠਾ ਹੋਇਆ ਕੂੜੇ ਨਾਲ ਫੈਲੀ ਬਦਬੂ ਕਾਰਨ ਜਿੱਥੇ ਆਸ ਪਾਸ ਦੇ ਲੋਕਾਂ ਅਤੇ ਇਸ ਸਕੂਲ ਵਿਚ ਪੜ੍ਹਦੇ ਕਰੀਬ 850 ਵਿਦਿਆਰਥੀਆਂ ਲਈ ਬਿਮਾਰੀਆਂ ਦਾ ਘਰ ਬਣ ਸਕਦਾ ਹੈ। ਭਾਵੇਂ ਨਗਰ ਕੌਂਸਲ ਇਸ ਫੈਲਣ ਵਾਲੀ ਗੰਦਗੀ ਤੋਂ ਕਿਨਾਰਾ ਕਰ ਰਹੀ ਹੈ। ਜਦੋਂ ਕਿ ਸ਼ਹਿਰ ਦੇ ਪਤਵੰਤਿਆਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਤੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਤੋਂ ਕੂੜਾ ਇਕੱਠਾ ਹੋ ਕੇ ਆਵੇਗਾ ਉਸ ਤੋਂ ਹਵਾ ਪ੍ਰਦੂਸ਼ਣ ਰਾਹੀਂ ਵੱਡੀ ਪੱਧਰ ਤੇ ਬਿਮਾਰੀਆਂ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਸ ਨੂੰ ਮੁੱਖ ਰੱਖਦਿਆਂ ਅਜਿਹੇ ਪ੍ਰੋਜੈਕਟ ਸ਼ਹਿਰੋਂ ਬਾਹਰ ਹੋਣੇ ਚਾਹੀਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਗਰ ਇਸ ਪ੍ਰੋਜੈਕਟ ਨੂੰ ਇੱਥੋਂ ਨਾ ਬਦਲਿਆ ਗਿਆ ਤਾਂ ਉਨ੍ਹਾਂ ਨੂੰ ਅਦਾਲਤ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਵੇਗਾ।
ਦੂਜੇ ਪਾਸੇ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਨਾਲ ਸ਼ਹਿਰ ਵਿਚ ਕਿਸੇ ਵੀ ਥਾਂ ਕੂੜਾ ਇਕੱਠਾ ਨਹੀਂ ਹੋਵੇਗਾ ਤੇ ਨਾ ਹੀ ਬੁਦਬੂ ਆਦਿ ਫੈਲੇਗੀ। ਕੌਂਸਲ ਦੀ ਯੋਜਨਾ ਮੁਤਾਬਿਕ ਡੀਸੀ ਅਪਨੀਤ ਰਿਆਤ 26 ਦਸੰਬਰ ਨੂੰ ਮਾਨਸਾ ਦੇ ਗਊਸ਼ਾਲਾ ਭਵਨ ਵਿਚੋਂ ਇਸ ਦੀ ਸ਼ੁਰੂਆਤ ਕਰਕੇ ਟੱਕ ਲਾ ਕੇ ਚਕੇਰੀਆਂ ਰੋਡ ਤੋਂ ਇਸ ਦੀ ਬਕਾਇਦਾ ਸ਼ੁਰੂਆਤ ਕਰਨਗੇ। ਸਭ ਤੋਂ ਪਹਿਲਾਂ ਸ਼ਹਿਰ ਦੇ ਵਾਰਡ ਨੰਬਰ 20 ਵਿਚ ਡਸਟਬਿਨ ਵੰਡ ਕੇ ਇਸ ਪ੍ਰੋਜੈਕਟ ਨੂੰ ਚਲਾਇਆ ਜਾਵੇਗਾ। ਉਸ ਤੋਂ ਬਾਅਦ ਇਹ ਪ੍ਰੋਜੈਕਟ ਦਾ ਕੰਮ ਪੂਰੇ ਸ਼ਹਿਰ ਵਿਚ ਫੈਲੇਗਾ। ਉਨ੍ਹਾਂ ਕਿਹਾ ਕਿ ਹੁਣ ਉਹ ਇਸ ਪ੍ਰੋੋਜੈਕਟ ਰਾਹੀਂ ਸ਼ਹਿਰ ਦਾ ਕੂੜਾ ਵੇਚੇਗੀ ਤੇ ਇਸ ਅਧੀਨ ਮਹੀਨੇ ਅੰਦਰ ਕਰੀਬ 12 ਲੱਖ ਰੁਪਏ ਦੀ ਬੱਚਤ ਹੋਵੇਗੀ। ਇਸ ਤੋਂ ਇਲਾਵਾ ਕੌਂਸਲ ਦਾ ਮੁਨਾਫਾ ਵਧੇਗਾ ਤੇ ਉਸ ਦਾ ਇਹ ਕੂੜਾ ਪ੍ਰੋਜੈਕਟ ਅਧੀਨ ਵਿਕਣ ਲੱਗੇਗਾ।
ਇਸ ਸਬੰਧੀ ਇਸ ਰੋਡ ‘ਤੇ ਸਥਿਤ ਵੱਖ ਵੱਖ ਪ੍ਰਾਈਵੇਟ ਹਸਪਤਾਲਾਂ ਦੇ ਡਾ. ਤੇਜਿੰਦਰਪਾਲ ਸਿੰਘ ਰੇਖੀ, ਡਾ.ਜਨਕ ਰਾਜ ਸਿੰਗਲਾ, ਡਾ. ਦੀਪਿਕਾ ਜਿੰਦਲ, ਡਾ. ਮਾਨਵ ਜਿੰਦਲ ਤੋਂ ਇਲਾਵਾ ਉਥੋਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਕੂੜੇ ਦਾ ਇਹ ਪ੍ਰੋਜੈਕਟ ਇਸ ਜਗਾਂ ਤੇ ਲੱਗਦਾ ਹੈ ਤਾਂ ਇਥੇ ਹਵਾ ਪ੍ਰਦੂਸ਼ਣ ਤੇ ਬੁਦਬੂ ਨਾਲ ਬੀਮਾਰੀਆਂ ਫੈਲਣ ਦਾ ਖਤਰਾ ਵਧ ਜਾਵੇਗਾ। ਉਨਾਂ ਕਿਹਾ ਕਿ ਇਸ ਦੇ ਨਾਲ ਹੀ ਸਾਂਝੀ ਕੰਧ ਤੇ ਸਰਕਾਰੀ ਸਕੂਲ ਚੱਲਦਾ ਹੈ,ਜਿਥੇ ਬੱਚਿਆਂ ਦੀ ਗਿਣਤੀ ਹਜ਼ਾਰਾਂ ਵਿਚ ਹੈ, ਉਨਾਂ ਨੂੰ ਇਸ ਕੂੜੇ ਦੀ ਬੁਦਬੂ ਨੁਕਸਾਨ ਪਹੁੰਚਾ ਸਕਦੀ ਹੈ।ਉਨਾਂ ਦਾ ਕਹਿਣਾ ਹੈ ਕਿ ਇਸ ਕੂੜੇ ਦੇ ਪ੍ਰੋਜੈਕਟ ਨੂੰ ਸ਼ਹਿਰ ਤੋਂ ਬਾਹਰ ਲਿਜਾਇਆ ਜਾਵੇ।


LEAVE A REPLY

Please enter your comment!
Please enter your name here