
ਮਾਨਸਾ, 23 ਦਸੰਬਰ (ਬਲਜੀਤ ਸ਼ਰਮਾ) : ਐਸ.ਐਸ.ਪੀ. ਮਨਧੀਰ ਸਿੰਘ ਨੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅੱਜ ਵੱਖ—ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਨੁੰਮਾਇਦੇਆਂ ਨੂੰ ਸਰਦੂਲਗੜ੍ਹ ਅਤੇ ਮਾਨਸਾ ਵਿਖੇ ਨਸਿ਼ਆਂ ਖਿਲਾਫ਼ ਸਹੁੰ ਚੁਕਾਉਣ ਉਪਰੰਤ ਇਹ ਗੱਲ ਆਖੀ ਕਿ ਪੰਚਾਇਤੀ ਚੋਣਾਂ ਨਿਰਪੱਖ ਤੇ ਬਿਨਾਂ ਕਿਸੇ ਭੇਦਭਾਵ ਦੇ ਹੋਣਗੀਆਂ ਅਤੇ ਪੁਲਿਸ ਕਿਸੇ ਵੀ ਸਿਆਸੀ ਦਬਾਅ ਹੇਠ ਨਹੀਂ ਹੈ।
ਉਨ੍ਹਾਂ ਨਾਲ ਹੀ ਇਸ ਗੱਲ ਤੇ ਜ਼ੋਰ ਦਿੰਦਿਆਂ ਕਿਹਾ ਕਿ ਚੋਣਾਂ ਵਿਚ ਉਮੀਦਵਾਰ ਅਤੇ ਪਾਰਟੀਆਂ ਦੇ ਨੁੰਮਾਇਦੇ ਸ਼ਰਾਬ ਵੰਡਣ ਅਤੇ ਇਸ ਦੀ ਵਰਤੋ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਨਸ਼ੇ ਦੀ ਵਰਤੋ ਦੇ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਵਿਚ ਸਾਥ ਦੇਣ।
ਐਸ.ਐਸ.ਪੀ. ਨੇ ਇਸ ਸਬੰਧੀ ਅੱਜ ਵੱਖ—ਵੱਖ ਥਾਵਾਂ ਤੇ ਮੀਟਿੰਗਾਂ ਕੀਤੀਆਂ ਜਿੰਨ੍ਹਾਂ ਵਿਚੋਂ ਸਰਦੂਲਗੜ੍ਹ ਅਤੇ ਮਾਨਸਾ ਉਹ ਖੁਦ ਉਚੇਚੇ ਤੌਰ ਤੇ ਪਹੁੰਚੇ। ਉਨ੍ਹਾਂ ਅਸਲਾ ਰੱਖਣ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨ੍ਹਾਂ ਨੇ ਅਸਲਾ ਹਾਲੇ ਤੱਕ ਜਮ੍ਹਾਂ ਨਹੀਂ ਕਰਵਾਇਆ ਉਹ ਜਲਦ ਤੋਂ ਜਲਦ ਜਮ੍ਹਾਂ ਕਰਵਾਉਣ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਅਸਲਾ ਲਾਇਸੰਸ ਰੱਦ ਕਰ ਦਿੱਤੇ ਜਾਣਗੇ।

ਸ੍ਰ. ਮਨਧੀਰ ਸਿੰਘ ਨੇ ਕਿਹਾ ਕਿ ਜੋ ਵੀ ਉਮੀਦਵਾਰ ਲੋਕਾਂ ਵੱਲੋਂ ਚੁਣੇ ਜਾਣਗੇ ਉਹ ਆਪਣੇ ਅਧਿਕਾਰਿਤ ਪਿੰਡ ਵਿਚ ਸੀ.ਸੀ.ਟੀ.ਵੀ. ਕੈਮਰ ਜ਼ਰੂਰ ਲਗਵਾਉਣ ਤਾਂ ਜੋ ਚੋਰੀ ਅਤੇ ਲੁੱਟ ਖੋਹ ਦੀਆਂ ਵਾਪਰ ਰਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ।

ਇਸ ਮੌਕੇ ਡੀ.ਐਸ.ਪੀ. ਸਿਮਰਨਜੀਤ ਸਿੰਘ ਲੰਗ, ਮੁੱਖ ਥਾਣਾ ਅਫ਼ਸਰ ਸਿਟੀ—1 ਜਸਵੀਰ ਸਿੰਘ, ਮੁੱਖ ਥਾਣਾ ਅਫ਼ਸਰ ਜੋਗਾ ਬਲਵਿੰਦਰ ਸਿੰਘ, ਚੌਂਕੀ ਇੰਚਾਰਜ ਬਹਿਣੀਵਾਲ ਅਵਤਾਰ ਸਿੰਘ ਮੌਜੂਦ ਸਨ।
EDITED BY : SARA YAHA | | Last Updated : 7:05 PM 22 ਦਸੰਬਰ 2018
























