ਤਰੁੱਟੀਆਂ ਰਹਿਤ ਅਤੇ ਸਾਫ਼-ਸੁਥਰੀ ਸੂਚੀ ਹੋਵੇਗੀ ਸਫਲਤਾ ਪੂਰਵਕ ਵੋਟਾਂ ਕਰਵਾਉਣ ਵਿੱਚ ਸਹਾਈ : ਕਮਿਸ਼ਨਰ ਹਰਜੀਤ ਸਿੰਘ

0
10

ਮਾਨਸਾ, 14 ਦਸੰਬਰ (ਬਲਜੀਤ ਸ਼ਰਮਾ) : ਯੋਗਤਾ ਮਿਤੀ 01 ਜਨਵਰੀ 2019 ਦੇ ਆਧਾਰ ‘ਤੇ ਤਿਆਰ ਕੀਤੀ ਜਾ ਰਹੀ ਵੋਟਰ ਸੂਚੀ ਦੇ ਸਬੰਧ ਵਿੱਚ ਅੱਜ ਕਮਿਸ਼ਨਰ ਫਰੀਦਕੋਟ ਮੰਡਲ ਫਰੀਦਕੋਟ-ਕਮ-ਰੋਲ ਅਬਜਰਵਰ ਸ਼੍ਰੀ ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ, ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਅਤੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਮੌਕੇ ਕਮਿਸ਼ਨਰ ਨੇ ਕਿਹਾ ਕਿ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਆਪਣੇ ਬੂਥ ਲੈਵਲ ਏਜੰਟ ਤੁਰੰਤ ਨਿਯੁਕਤ ਕਰਨ ਤਾਂ ਜੋ ਚੋਣਾਂ ਸਬੰਧੀ ਹਰੇਕ ਗਤੀਵਿਧੀ ਦੀ ਬੂਥ ਪੱਧਰ ‘ਤੇ ਜਾਣਕਾਰੀ ਮਿਲਦੀ ਰਹੇ। ਉਨ੍ਹਾਂ ਵੱਲੋਂ ਵੋਟਰ ਸੂਚੀ ਨੂੰ ਤਰੁੱਟੀਆਂ ਰਹਿਤ ਅਤੇ ਸਾਫ਼ ਸੁਥਰਾ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਮਹੀਨਾ ਮਈ-ਜੂਨ 2018 ਦੌਰਾਨ ਇਸ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ (ਅ.ਜ) ਵਿੱਚ ਬੂਥ ਲੈਵਲ ਅਫਸਰਾਂ ਵੱਲੋਂ ਘਰ-ਘਰ ਜਾ ਕੇ ਵੋਟਰ ਸੂਚੀ ਦੀ ਪੜਤਾਲ ਕੀਤੀ ਗਈ ਅਤੇ ਪੜਤਾਲ ਦੌਰਾਨ ਪ੍ਰਾਪਤ ਕੀਤੇ ਗਏ ਅੰਕੜਿਆਂ ਨੂੰ ਹਾਜਰੀਨ ਨੁਮਾਇੰਦਿਆਂ ਨਾਲ ਸਾਂਝਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਅਤੇ ਯੋਗਤਾ ਮਿਤੀ 01 ਜਨਵਰੀ 2019 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਨਾਮ ਦਰਜ ਕਰਨ ਲਈ ਵਿਧਾਨ ਸਭਾ ਚੋਣ ਹਲਕਾ 96-ਮਾਨਸਾ ਵਿੱਚ 5768, ਚੋਣ ਹਲਕਾ 97-ਸਰਦੂਲਗੜ੍ਹ ਵਿੱਚ 5243 ਅਤੇ 98-ਬੁਢਲਾਡਾ ਹਲਕੇ ਵਿੱਚ 5524 ਫਾਰਮ ਨੰ: 6 ਪ੍ਰਾਪਤ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵੋਟਰ ਸੂਚੀ ਵਿੱਚ ਨਾਮ ਦਰਜ ਨਾਮ ਕਟਵਾਉਣ ਲਈ ਮਾਨਸਾ ਹਲਕੇ ਵਿੱਚ 1877, ਸਰਦੂਲਗੜ੍ਹ ਵਿੱਚ 1374 ਅਤੇ ਬੁਢਲਾਡਾ ਹਲਕੇ 2579 ਫਾਰਮ ਨੰ: 7 ਪ੍ਰਾਪਤ ਹੋਏ ਹਨ। ਵੋਟਰ ਸੂਚੀ ਵਿੱਚ ਦਰਜ ਨਾਵਾਂ ਵਿੱਚ ਦਰੁੱਸਤੀ ਕਰਨ ਲਈ ਜ਼ਿਲ੍ਹੇ ਵਿੱਚ ਕੁੱਲ 7713 ਫਾਰਮ ਨੰ: 8 ਪ੍ਰਾਪਤ ਹੋਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧ ਵਿੱਚ ਮਿਤੀ 03 ਦਸੰਬਰ 2018 ਨੂੰ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੇ ਇਤਰਾਜ/ਸੁਝਾਅ ਮਿਤੀ 10 ਦਸੰਬਰ 2018 ਤੱਕ ਪੇਸ਼ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਿਯਤ ਮਿਤੀ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਪਾਸੋਂ ਕੋਈ ਇਤਰਾਜ ਪ੍ਰਾਪਤ ਨਹੀਂ ਹੋਇਆ ਹੈ। ਮੀਟਿੰਗ ਵਿੱਚ ਹਾਜ਼ਰ ਆਏ ਨੁਮਾਇੰਦਿਆਂ ਨੇ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਦੇ ਕੰਮ ‘ਤੇ ਪੂਰਨ ਤਸੱਲੀ ਪ੍ਰਗਟਾਈ।
ਇਸ ਮੌਕੇ ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜਿਤ ਕਪਲਿਸ਼, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਲਤੀਫ਼ ਅਹਿਮਦ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਡੱਚਲਵਾਲ, ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ, ਚੋਣ ਤਹਿਸੀਲਦਾਰ ਸ਼੍ਰੀ ਗੁਰਚਰਨ ਸਿੰਘ, ਚੋਣ ਕਾਨੂੰਨਗੋ ਸ਼੍ਰੀ ਭੂਸ਼ਣ ਕੁਮਾਰ, ਚੋਣ ਕਾਨੂੰਨਗੋ ਸ਼੍ਰੀਮਤੀ ਪ੍ਰਿਯੰਕਾ ਰਾਣੀ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। 


EDITED BY : SARA YAHA | | Last Updated : 7:50 PM 14 ਦਸੰਬਰ  2018

LEAVE A REPLY

Please enter your comment!
Please enter your name here