

ਬੁਢਲਾਡਾ 24 ਮਾਰਚ (ਸਾਰਾ ਯਹਾਂ/ਮਹਿਤਾ ਅਮਨ): ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ 5 ਅਪ੍ਰੈਲ ਨੂੰ ਬੁਢਲਾਡਾ ਵਿਖੇ ਰੱਖੀ ਸੰਵਿਧਾਨ ਬਚਾਓ, ਬਹੁਜਨ ਸਮਾਜ ਬਚਾਓ ਰੈਲੀ ਦੀ ਤਿਆਰੀ ਲਈ ਬਲਾਕ ਦੇ ਪਿੰਡ ਰੱਲੀ , ਬੱਛੋਆਣਾ, ਗੁਰਨੇ ਕਲਾਂ, ਦਾਤੇਵਾਸ, ਵਰੇ,ਮੱਲ ਸਿੰਘ ਵਾਲਾ,ਟਾਹਲੀਆ , ਸਮੇਤ ਦਰਜਨ ਤੋਂ ਵੱਧ ਪਿੰਡਾਂ ਅੰਦਰ ਮਜ਼ਦੂਰ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਸਹਾਇਕ ਸਕੱਤਰ ਸੁਖਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਦੀਆਂ ਵੱਡੇ ਪੂੰਜੀਪਤੀਆ ਪੱਖੀ ਨੀਤੀਆਂ ਕਾਰਨ ਆਮ ਲੋਕਾਂ ਤੋਂ ਮੁਢਲੀਆਂ ਸਹੂਲਤਾਂ ਦੂਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਮਨਰੇਗਾ ਦੀ ਥਾਂ ਲਿਆਂਦੇ ਜੀ ਰਾਮ ਜੀ ਤਹਿਤ ਪੰਜਾਬ ਦੇ ਮਨਰੇਗਾ ਮਜ਼ਦੂਰਾਂ ਨੂੰ ਹੁਣ ਪਿੰਡਾਂ ਅੰਦਰ ਰੁਜ਼ਗਾਰ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਦੇ ਰਾਜ ਵਿੱਚ ਨਸ਼ਿਆਂ ਤੋਂ ਗੁੰਡਾਗਰਦੀ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਜੀ ਰਾਮ ਜੀ ਦੇ ਤਹਿਤ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਣ ਰਹੀਂ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਬਚਾਉਣ ਲਈ ਅਤੇ ਪੇਂਡੂ ਔਰਤਾਂ ਸਿਰ ਚੜ੍ਹੇ ਪ੍ਰਾਈਵੇਟ ਕਰਜ਼ਿਆਂ ਦੀ ਮਾਫ਼ੀ ਲਈ ਸਮੇਤ ਹੋਰ ਮਜ਼ਦੂਰ ਅਧਿਕਾਰਾ ਲਈ ਮਜ਼ਦੂਰ ਅੰਦੋਲਨ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਸਿੰਘ ਮੰਦਰਾਂ, ਨਿੱਕਾ ਸਿੰਘ ਗੜੱਦੀ, ਜਗਰਾਜ ਸਿੰਘ ਰੱਲੀ, ਵੀਰਪਾਲ ਕੌਰ ਗੁਰਨੇ ਕਲਾਂ, ਰਣਵੀਰ ਸਿੰਘ ਮੇਟ ਗੁਰਨੇ ਖੁਰਦ ਨੇ ਵੀ ਸੰਬੋਧਨ ਕੀਤਾ।























