

ਮਾਨਸਾ, 24 ਮਾਰਚ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਕੋਟਕਪੂਰਾ ਨੇੜੇ ਕਰਜ਼ੇ ਦੀ ਮਾਰ ਹੇਠ ਆ ਕੇ ਦੋ ਸਕੇ ਕਿਸਾਨ ਭਰਾਵਾਂ ਵੱਲੋਂ ਰੇਲ ਗੱਡੀ ਅੱਗੇ ਖੁਦਕੁਸ਼ੀ ਕਰਨ ਦੀ ਦਰਦਨਾਕ ਘਟਨਾ ਨੇ ਸਾਰੇ ਪੰਜਾਬ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਇਸ ਦੁੱਖਦਾਈ ਘਟਨਾ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸੂਬੇ ਦੇ ਕਿਸਾਨ ਗੰਭੀਰ ਆਰਥਿਕ ਤੇ ਮਾਨਸਿਕ ਸੰਕਟ ਵਿੱਚੋਂ ਲੰਘ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੇ ਇਕ ਪ੍ਰੈਸ ਬਿਆਨ ਜਾਰੀ ਕਰਦੇ ਕਿਹਾ ਇਸ ਮੌਕੇ ਵਿੱਕੀ ਨੇ ਕਿਹਾ ਕਿ ਇਹ ਘਟਨਾ ਸਿਰਫ਼ ਖੁਦਕੁਸ਼ੀ ਨਹੀਂ, ਸਗੋਂ ਸਰਕਾਰਾਂ ਦੀ ਨਾਕਾਮ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਸਕਰਨ ਸਿੰਘ ਅਤੇ ਜਸਵਿੰਦਰ ਸਿੰਘ ਵਰਗੇ ਕਿਸਾਨਾਂ ਨੂੰ ਇਸ ਹੱਦ ਤੱਕ ਧੱਕ ਦੇਣਾ ਸਿਸਟਮ ਦੀ ਵੱਡੀ ਅਸਫਲਤਾ ਹੈ।
ਗੁਰਪ੍ਰੀਤ ਸਿੰਘ ਵਿੱਕੀ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਕੀਤੇ ਵਾਅਦੇ—ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਅਤੇ ਖੁਦਕੁਸ਼ੀਆਂ ਨੂੰ ਰੋਕਣ—ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਏ ਹਨ। ਵਿੱਕੀ ਨੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਆਪਣਾ ਵਾਅਦਾ ਯਾਦ ਕਰਵਾਇਆ ਜਿਸ ਵਿਚ ਉਹਨਾਂ ਕਿਹਾ ਸੀ ਕਿ 2022 ਦੀ ਇਲੈਕਸ਼ਨ ਤੋਂ ਬਾਅਦਪੰਜਾਬ ਦਾ ਕੋਈ ਵੀ ਕਿਸਾਨ ਖ਼ੁਦਕੁਸ਼ੀ ਨਹੀਂ ਕਰੇਗਾ ਉਨ੍ਹਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਅੱਜ ਵੀ ਕਿਸਾਨ ਕਰਜ਼ੇ, ਘੱਟ ਫਸਲੀ ਭਾਅ ਅਤੇ ਵਧਦੇ ਖਰਚਿਆਂ ਕਾਰਨ ਤਬਾਹੀ ਦੇ ਕਿਨਾਰੇ ‘ਤੇ ਖੜ੍ਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਪ੍ਰਭਾਵ ਨਾਲ ਕਿਸਾਨਾਂ ਦੀਆਂ ਫਸਲਾਂ ਦੇ ਵਾਜਬ ਭਾਅ ਤੇ ਫ਼ਸਲੀ ਬੀਮੇ ਵਰਗੇ ਰਾਹਤ ਕਾਰਜ ਕਰਕੇ ਪੰਜਾਬ ਸਮੇਤ ਪੂਰੇ ਦੇਸ਼ ਦੀ ਕਿਸਾਨੀ ਤੇ ਕਿਸਾਨ ਨੂੰ ਬਚਾਇਆ ਜਾ ਸਕੇ।























