*ਬੁਢਲਾਡਾ ਦੀ 7 ਅਪ੍ਰੈਲ ਦੀ ‘ਪੰਜਾਬ ਬਚਾਓ’ ਰੈਲੀ ਹੁਣ ਤੱਕ ਹੋਈਆਂ ਸਾਰੀਆਂ ਰੈਲੀਆਂ ਤੋਂ ਵੱਡੀ ਅਤੇ ਇਤਿਹਾਸਕ ਸਾਬਤ ਹੋਵੇਗੀ: ਕਲੀਪੁਰ*

0
65

ਬੁਢਲਾਡਾ  (ਸਾਰਾ ਯਹਾਂ/ਮਹਿਤਾ ਅਮਨ) ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਈ ਜਾ ਰਹੀ ‘ਪੰਜਾਬ ਬਚਾਓ’ ਮੁਹਿੰਮ ਤਹਿਤ ਅੱਜ ਬੁਢਲਾਡਾ ਸ਼ਹਿਰ ਦੇ ਜੀਰੀ ਯਾਰਡ ਵਿਖੇ ਹੋ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਇਲਾਕੇ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੂਬਾ ਡੈਲੀਗੇਟ ਹਰਮੇਲ ਸਿੰਘ ਕਲੀਪੁਰ ਨੇ ਕਿਹਾ ਕਿ ਇਹ ਰੈਲੀ ਹੁਣ ਤੱਕ ਹੋਈਆਂ ਸਾਰੀਆਂ ਰੈਲੀਆਂ ਤੋਂ ਵੱਡੀ ਅਤੇ ਇਤਿਹਾਸਕ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ‘ਪੰਜਾਬ ਬਚਾਓ ਰੈਲੀਆਂ ਦੀ ਲੜੀ ਸ਼ੁਰੂ ਕੀਤੀ ਗਈ ਹੈ, ਜਿਸ ਦਾ ਮਕਸਦ ਲੋਕਾਂ ਨੂੰ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਤੋਂ ਅਗਾਹ ਕਰਨਾ ਅਤੇ ਅਕਾਲੀ ਦਲ ਦੀਆਂ ਨੀਤੀਆਂ ਨਾਲ ਜੋੜਨਾ ਹੈ। ਇਸ ਲੜੀ ਹੇਠ ਬੁਢਲਾਡਾ ਵਿਚ ਹੋ ਰਹੀ ਰੈਲੀ ਨੂੰ ਖਾਸ ਮਹੱਤਵ ਦਿੱਤਾ ਜਾ ਰਿਹਾ ਹੈ। ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ ਨੇ ਕਿਹਾ ਕਿ ਬੁਢਲਾਡਾ ਦੇ ਲੋਕਾਂ ਵਿਚ ਇਸ ਰੈਲੀ ਨੂੰ ਲੈ ਕੇ ਖਾਸਾ ਜੋਸ਼ ਹੈ। ਪਿਛਲੇ ਕਈ ਦਿਨਾਂ ਤੋਂ ਪਿੰਡਾਂ, ਕਸਬਿਆਂ ਅਤੇ ਸ਼ਹਿਰੀ ਇਲਾਕਿਆਂ ਵਿਚ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਲੋਕਾਂ ਵੱਲੋਂ ਦਿੱਤਾ ਗਿਆ ਭਰਪੂਰ ਸਹਿਯੋਗ ਇਹ ਸਾਬਤ ਕਰਦਾ ਹੈ ਕਿ ਲੋਕ ਅਕਾਲੀ ਦਲ ਦੇ ਹੱਕ ਵਿਚ ਖੜ੍ਹੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਨਿਰਾਸ਼ ਹੋ ਚੁੱਕੇ ਹਨ ਅਤੇ ਹੁਣ ਉਹ ਇਕ ਮਜ਼ਬੂਤ ਅਤੇ ਤਜਰਬੇਕਾਰ ਸਰਕਾਰ ਦੀ ਲੋੜ ਮਹਿਸੂਸ ਕਰ ਰਹੇ ਹਨ। ਇਸ ਕਰ ਕੇ 2027 ਦੀਆਂ ਚੋਣਾਂ ਵਿਚ ਲੋਕ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ । ਉਨ੍ਹਾਂ ਦਾਅਵਾ ਕੀਤਾ ਕਿ ਬੁਢਲਾਡਾ ਦੀ ਰੈਲੀ ਵਿਚ ਰਿਕਾਰਡ ਤੋੜ ਭੀੜ ਇਕੱਠੀ ਹੋਵੇਗੀ। ਉਨ੍ਹਾਂ ਕਿਹਾ ਕਿ ਹਰ ਪਿੰਡ ਅਤੇ ਵਾਰਡ ਤੋਂ ਵੱਡੀ ਗਿਣਤੀ ਵਿਚ ਲੋਕ ਰੈਲੀ ਵਿਚ ਸ਼ਾਮਿਲ ਹੋਣ ਲਈ ਉਤਸੁਕ ਹਨ। ਪਾਰਟੀ ਵਰਕਰਾਂ ਵੱਲੋਂ ਕੀਤੀ ਗਈ ਮਿਹਨਤ ਅਤੇ ਤਿਆਰੀਆਂ ਦੇ ਚਲਦਿਆਂ ਇਹ ਰੈਲੀ ਇਤਿਹਾਸਕ ਬਣੇਗੀ। ਉਨ੍ਹਾਂ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀ ਦਲ ਦੀਆਂ ਰੈਲੀਆਂ ਵਿਚ ਵੱਧ ਰਹੇ ਇਕੱਠਾਂ ਨੂੰ ਦੇਖਕੇ ਵਿਰੋਧੀਆਂ ਵਿਚ ਘਬਰਾਹਟ ਹੈ। ਦਿਨੋਂ-ਦਿਨ ਪਾਰਟੀ ਦੀ ਲੋਕਪ੍ਰਿਯਤਾ ਵਧ ਰਹੀ ਹੈ ਅਤੇ ਲੋਕ ਵੱਡੇ ਪੱਧਰ ‘ਤੇ ਅਕਾਲੀ ਦਲ ਨਾਲ ਜੁੜ ਰਹੇ ਹਨ। ਇਹ ਸਾਫ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਸਿਆਸਤ ਵਿਚ ਵੱਡਾ ਬਦਲਾਅ ਆਉਣ ਵਾਲਾ ਹੈ । ਬੁਢਲਾਡਾ ਹਲਕੇ ਅਤੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਸਮੇਂ ਸਿਰ ਰੈਲੀ ਵਿਚ ਪਹੁੰਚਣ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ। ਉਨਾਂ ਕਿਹਾ ਕਿ ਇਹ ਰੈਲੀ ਸਿਰਫ ਇਕ ਰਾਜਨੀਤਿਕ ਇਕੱਠ ਨਹੀਂ, ਸਗੋਂ ਪੰਜਾਬ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵੱਲ ਇੱਕ ਵੱਡਾ ਕਦਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਹੀ ਪੰਜਾਬ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰੇਗਾ।’ਪੰਜਾਬ ਬਚਾਓ’ ਮੁਹਿੰਮ ਰਾਹੀਂ ਪਾਰਟੀ ਲੋਕਾਂ ਨੂੰ ਇਕਜੁੱਟ ਕਰ ਕੇ ਸੂਬੇ ਨੂੰ ਤਰੱਕੀ ਦੇ ਰਾਹ ‘ਤੇ ਲਿਜਾਣ ਦਾ ਸੰਕਲਪ ਲੈ ਰਹੀ ਹੈ। ਅਖੀਰ ਵਿਚ ਉਨ੍ਹਾਂ ਕਿਹਾ ਕਿ ਬੁਢਲਾਡਾ ਦੀ ਇਹ ਰੈਲੀ ਆਉਣ ਵਾਲੀਆਂ ਚੋਣਾਂ ਲਈ ਟਰਨਿੰਗ ਪੁਆਇੰਟ ਸਾਬਤ ਹੋਵੇਗੀ ਅਤੇ ਇਸ ਨਾਲ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਤੇ ਸਰਕਲ ਜੱਥੇਦਾਰ ਅਮਰਜੀਤ ਸਿੰਘ ਕੁਲਾਣਾ, ਬੱਲਮ ਸਿੰਘ ਕਲੀਪੁਰ, ਗੁਰਦੀਪ ਸਿੰਘ ਟੋਢਰਪੁਰ, ਦਰਸ਼ਨ ਸਿੰਘ ਰੱਲੀ, ਮਹਿੰਦਰ ਸਿੰਘ ਸੈਦੇਵਾਲਾ, ਜੋਗਾ ਸਿੰਘ ਬੋਹਾ ਆਦਿ ਆਗੂ ਮੌਜੂਦ ਸਨ। 

LEAVE A REPLY

Please enter your comment!
Please enter your name here