*ਸੀ.ਐਚ.ਸੀ. ਖਿਆਲਾ ਵਿਖੇ ਐੱਚ.ਪੀ.ਵੀ. ਟੀਕਾਕਰਨ ਮੁਹਿੰਮ ਦਾ ਆਗਾਜ਼*

0
36

ਮਾਨਸਾ, 6 ਮਾਰਚ  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ ) ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਮਾਨਸਾ, ਸ੍ਰੀਮਤੀ ਨਵਜੋਤ ਕੌਰ (ਆਈ.ਏ.ਐਸ.) ਜੀ ਦੇ ਯੋਗ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹੇ ਅੰਦਰ ਧੀਆਂ ਦੀ ਸਿਹਤ ਸੁਰੱਖਿਆ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ। ਸਿਵਲ ਸਰਜਨ ਮਾਨਸਾ, ਡਾ. ਰਣਜੀਤ ਸਿੰਘ ਰਾਏ ਜੀ ਦੀ ਰਹਿਨੁਮਾਈ ਹੇਠ ਅੱਜ ਕਮਿਊਨਿਟੀ ਹੈਲਥ ਸੈਂਟਰ ਖਿਆਲਾ ਕਲਾਂ ਅਤੇ ਆਮ ਆਦਮੀ ਕਲੀਨਿਕ ਨੰਗਲ ਕਲਾਂ ਵਿਖੇ ਬੱਚੀਆਂ ਨੂੰ ਐੱਚ.ਪੀ.ਵੀ. (HPV) ਵੈਕਸੀਨ ਲਗਾ ਕੇ ਵਿਸ਼ੇਸ਼ ਟੀਕਾਕਰਨ ਮੁਹਿੰਮ ਦੀ ਬਾਕਾਇਦਾ ਸ਼ੁਰੂਆਤ ਕੀਤੀ ਗਈ।

   ਇਸ ਸ਼ੁਰੂਆਤ ਮੌਕੇ ਸੀਨੀਅਰ ਮੈਡੀਕਲ ਅਫਸਰ ਖਿਆਲਾ ਕਲਾਂ, ਡਾ. ਰਵਿੰਦਰ ਸਿੰਗਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਦੀ ਦੇਖ-ਰੇਖ ਹੇਠ ਇਹ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸਿਹਤ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਸਟਾਫ ਮੈਂਬਰ ਵੀ ਮੌਜੂਦ ਰਹੇ। ਆਮ ਆਦਮੀ ਕਲੀਨਿਕ ਨੰਗਲ ਕਲਾਂ ਵਿਖੇ ਮੈਡੀਕਲ ਅਫਸਰ ਡਾ ਰਵਨੀਤ ਕੌਰ ਦੀ ਨਿਗਰਾਨੀ ਹੇਠ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ।

   ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਬਲਜੀਤ ਕੌਰ ਨੇ ਕਿਹਾ, “ਬੱਚੇਦਾਨੀ ਦੇ ਮੂੰਹ ਦਾ ਕੈਂਸਰ (ਸਰਵਾਈਕਲ ਕੈਂਸਰ) ਭਾਰਤ ਵਿੱਚ ਔਰਤਾਂ ਦੀ ਮੌਤ ਦਾ ਇੱਕ ਵੱਡਾ ਕਾਰਨ ਹੈ। ਪੰਜਾਬ ਸਰਕਾਰ ਵੱਲੋਂ 14 ਤੋਂ 15 ਸਾਲ ਦੀਆਂ ਬੱਚੀਆਂ ਲਈ ਇਹ ਮਹਿੰਗੀ ਵੈਕਸੀਨ ਮੁਫ਼ਤ ਮੁਹੱਈਆ ਕਰਵਾਉਣਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਹ ਟੀਕਾ ਕੈਂਸਰ ਦੇ ਖਤਰੇ ਨੂੰ 90 ਤੋਂ 95 ਫੀਸਦੀ ਤੱਕ ਘਟਾਉਂਦਾ ਹੈ। ਮੇਰੀ ਜ਼ਿਲ੍ਹੇ ਦੇ ਸਾਰੇ ਮਾਪਿਆਂ ਨੂੰ ਅਪੀਲ ਹੈ ਕਿ ਉਹ ਆਪਣੀਆਂ ਧੀਆਂ ਦੇ ਸੁਰੱਖਿਅਤ ਭਵਿੱਖ ਲਈ ਇਹ ਟੀਕਾ ਜ਼ਰੂਰ ਲਗਵਾਉਣ।”

  ਮੁਹਿੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਸ.ਐਮ.ਓ. ਡਾ. ਰਵਿੰਦਰ ਸਿੰਗਲਾ ਨੇ ਦੱਸਿਆ, “ਸੀ.ਐਚ.ਸੀ. ਖਿਆਲਾ ਵਿਖੇ ਅੱਜ ਤੋਂ ਇਸ ਮੁਹਿੰਮ ਦਾ ਸਫਲਤਾਪੂਰਵਕ ਆਗਾਜ਼ ਹੋ ਚੁੱਕਾ ਹੈ। ਸਾਡੀਆਂ ਸਿਹਤ ਟੀਮਾਂ ਪੂਰੀ ਤਰ੍ਹਾਂ ਮੁਸਤੈਦ ਹਨ ਅਤੇ ਇਹ ਮੁਹਿੰਮ ਆਉਣ ਵਾਲੇ 90 ਦਿਨਾਂ ਤੱਕ ਲਗਾਤਾਰ ਚੱਲੇਗੀ। ਲਾਭਪਾਤਰੀ ਬੱਚੀਆਂ ਲਈ ਇਹ ਲਾਜ਼ਮੀ ਹੈ ਕਿ ਉਹ ਟੀਕਾਕਰਨ ਸਮੇਂ ਆਪਣਾ ਆਧਾਰ ਕਾਰਡ ਨਾਲ ਜ਼ਰੂਰ ਲੈ ਕੇ ਆਉਣ।” ਬਲਾਕ ਐਕਸਟੈਂਸ਼ਨ ਐਜੂਕੇਟਰ (ਬੀ.ਈ.ਈ.) ਸ੍ਰੀ ਗੌਰਵ ਨੇ ਦੱਸਿਆ ਕਿ ਬਲਾਕ ਖਿਆਲਾ ਕਲਾਂ ਤਹਿਤ ਸਿਹਤ ਸੰਸਥਾਵਾਂ ਖਿਆਲਾ ਕਲਾਂ, ਨੰਗਲ ਕਲਾਂ, ਭੀਖੀ ਅਤੇ ਢੈਪਈ ਵਿਖੇ ਵਿਸ਼ੇਸ਼ ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਬੱਚੀਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਇਸ ਮੁਹਿੰਮ ਦਾ ਲਾਭ ਦਿੱਤਾ ਜਾ ਸਕੇ। ਇਸ ਮੌਕੇ ਸਿਹਤ ਕਰਮਚਾਰੀ ਚਾਨਣਦੀਪ ਸਿੰਘ ਨੇ ਦੱਸਿਆ ਕਿ ਇਹ ਵੈਕਸੀਨ ਸਾਰੇ ਨਿਰਧਾਰਤ ਸਰਕਾਰੀ ਸਿਹਤ ਕੇਂਦਰਾਂ ਵਿੱਚ ਜਿੱਥੇ ਮੈਡੀਕਲ ਅਫ਼ਸਰ ਦੀ ਨਿਗਰਾਨੀ ਹੇਠ ਬਿਲਕੁਲ ਮੁਫ਼ਤ ਲਗਾਈ ਜਾ ਰਹੀ ਹੈ। ਉਨਾਂ ਕਿਹਾ ਕਿ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋ ਕੇ ਆਪਣੀਆਂ 14 ਤੋਂ 15 ਸਾਲ ਦੀਆਂ ਬੱਚੀਆਂ ਨੂੰ ਨੇੜਲੇ ਸਰਕਾਰੀ ਹਸਪਤਾਲ ਤੋਂ ਇਹ ਵੈਕਸੀਨ ਲਾਜ਼ਮੀ ਲਗਵਾਉਣੀ ਚਾਹੀਦੀ ਹੈ। 

     ਇਸ ਮੌਕੇ ਹਰਪਾਲ ਕੌਰ ਐਲ ਐਚ ਵੀ, ਪਰਮਜੀਤ ਕੌਰ ਐਲ ਐਚ ਵੀ, ਸਰਬਜੀਤ ਸਿੰਘ ਸਿਹਤ ਸੁਪਰਵਾਈਜ਼ਰ, ਦਿਲਰਾਜ ਕੌਰ ਸੀ ਐੱਚ ਓ, ਸੁਖਵਿੰਦਰ ਕੌਰ ਏ ਐਨ ਐਮ, ਹਰਜੀਤ ਕੌਰ ਏ ਐਨ ਐਮ, ਅਮਰਜੀਤ ਕੌਰ ਏ ਐਨ ਐਮ, ਰਜਨੀ ਫਾਰਮੇਸੀ ਅਫਸਰ, ਸ਼ਮਾ ਫਾਰਮੇਸੀ ਅਫਸਰ, ਸਿਮਰਜੀਤ ਕੌਰ ਕਲੀਨਿਕ ਅਸਿਸਟੈਂਟ, ਸਿਮਰਜੀਤ ਕੌਰ ਸਟਾਫ ਨਰਸ, ਗੁਰਦੀਪ ਸਿੰਘ ਅਤੇ ਆਸ਼ਾ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here