*ਬੋਲਣ ਦੀ ਆਜ਼ਾਦੀ ਅਤੇ ਕਿਸਾਨੀ ਹੱਕਾਂ ’ਤੇ ਹਮਲਾ ਬਰਦਾਸ਼ਤ ਨਹੀਂ: ਮਾਨਿਕ ਗੋਇਲ*

0
19

ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਅੱਜ ਆਰ.ਟੀ.ਆਈ ਕਾਰਕੁਨ ਮਾਨਿਕ ਗੋਇਲ ਨੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਮਾਨਸਾ ਵਿਖੇ ਲਗਾਏ ਗਏ ਧਰਨੇ ਵਿੱਚ “ਪ੍ਰੈੱਸ ਦੀ ਆਜ਼ਾਦੀ ਬਚਾਉ ਸੰਘਰਸ਼ ਕਮੇਟੀ” ਦੀ ਤਰਫ਼ੋਂ ਹਿੱਸਾ ਲਿਆ ਅਤੇ ਕਿਸਾਨਾਂ ਦੇ  ਸੰਘਰਸ਼ ਦਾ ਸਮਰਥਨ ਕੀਤਾ।

ਇਸ ਮੌਕੇ ਮਾਨਿਕ ਗੋਇਲ ਨੇ SKM ਵੱਲੋਂ ਬਿਜਲੀ ਸੋਧ ਬਿਲ, ਬੀਜ ਬਿਲ ਅਤੇ ਨਰੇਗਾ ਕਾਨੂੰਨ ਵਿੱਚ ਕੀਤੀ ਜਾ ਰਹੀ ਤਬਦੀਲੀ ਦੇ ਵਿਰੋਧ ਨੂੰ ਪੂਰੀ ਤਰ੍ਹਾਂ ਸਹੀ ਕਰਾਰ ਦਿੰਦਿਆਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕਾਂ ’ਤੇ ਸਿੱਧਾ ਹਮਲਾ ਹਨ।

ਗੋਇਲ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਸਿਰਫ਼ ਮੁੱਖਮੰਤਰੀ ਦੀ ਗੈਰ-ਮੌਜੂਦਗੀ ਦੌਰਾਨ ਚੱਲ ਰਹੇ ਹੈਲੀਕਾਪਟਰ ’ਤੇ ਸਵਾਲ ਚੁੱਕਣ ’ਤੇ ਉਨ੍ਹਾਂ ਸਮੇਤ ਕਈ ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਖ਼ਿਲਾਫ਼ ਗੈਰ-ਜਮਾਨਤੀ ਧਾਰਾਵਾਂ ਤਹਿਤ ਪਰਚੇ ਦਰਜ ਕਰ ਦਿੱਤੇ ਗਏ, ਜੋ ਬੋਲਣ ਦੀ ਆਜ਼ਾਦੀ ’ਤੇ ਖ਼ਤਰਨਾਕ ਹਮਲਾ ਹੈ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਬੋਲਣ ਦੀ ਆਜ਼ਾਦੀ ਦਾ ਗਲਾ ਘੁੱਟਿਆ ਜਾ ਰਿਹਾ ਹੈ, ਪਰ ਅਸੀਂ ਚੁੱਪ ਨਹੀਂ ਰਹਾਂਗੇ ਅਤੇ ਸੱਚ ਬੋਲਦੇ ਰਹਾਂਗੇ।

ਮਾਨਿਕ ਗੋਇਲ ਨੇ ਮੁੱਖਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਿਸਾਨਾਂ ਅਤੇ ਹੋਰ ਵਰਗਾਂ ਨਾਲ ਇੱਕ ਤੋਂ ਬਾਅਦ ਇੱਕ ਝੂਠੇ ਵਾਅਦੇ ਕੀਤੇ ਗਏ। ਚਾਹੇ ਉਹ ਸਾਰੀਆਂ ਫਸਲਾਂ ’ਤੇ MSP ਦੇਣ ਦਾ ਐਲਾਨ ਹੋਵੇ, ਮੂੰਗੀ ਦੀ MSP ਲਈ ਕੀਤਾ ਗਿਆ ਖਾਸ ਵਾਅਦਾ, ਝੋਨੇ ਦੀ ਸਿੱਧੀ ਬਿਜਾਈ ’ਤੇ ਬੋਨਸ, ਹੜ੍ਹਾਂ ਦੇ ਮੁਆਵਜ਼ੇ ਜਾਂ ਸ਼ੰਭੂ ਮੋਰਚੇ ਦੌਰਾਨ ਕਿਸਾਨਾਂ ਨਾਲ ਕੀਤਾ ਗਿਆ ਜ਼ੁਲਮ। ਹਰ ਮੋਰਚੇ ’ਤੇ ਸਰਕਾਰ ਨਾਕਾਮ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸ਼ੰਭੂ ਮੋਰਚੇ ਦੌਰਾਨ ਕਿਸਾਨਾਂ ਦੀਆਂ ਟਰਾਲੀਆਂ ਅਤੇ ਸਮਾਨ ਗਾਇਬ ਕੀਤਾ ਗਿਆ, ਜੋ ਅੱਜ ਤੱਕ ਆਪਸਦੇ ਅਹੁਦੇਦਾਰਾਂ ਪਾਸੋਂ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨਾਲ ਵੀ ਝੂਠ ਬੋਲਿਆ ਗਿਆ। 16 ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਗਿਆ, ਪਰ ਇੱਕ ਵੀ ਕਾਲਜ ਨਹੀਂ ਬਣਿਆ। ਸਿਰਫ਼ ਇੱਕ ਥਾਂ ਨੀਂਹ ਪੱਥਰ ਰੱਖਿਆ ਗਿਆ, ਜਿੱਥੇ ਅੱਜ ਤੱਕ ਇਕ ਇੱਟ ਵੀ ਨਹੀਂ ਲੱਗੀ। ਹਾਲਾਤ ਇੱਥੋਂ ਤੱਕ ਹਨ ਕਿ ਉਹ ਨੀਂਹ ਪੱਥਰ ਅੱਜ ਪਸ਼ੂਆਂ ਦੇ ਸਰੀਰ ਖੁਰਕਣ ਲਈ ਵਰਤਿਆ ਜਾ ਰਿਹਾ ਹੈ।

ਆਰ ਟੀ ਆਈ ਕਾਰਕੁਨ ਮਾਨਿਕ ਗੋਇਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਖੁਦ ਇੱਕ ਆਰ ਟੀ ਆਈ ਕਾਰਕੁਨ ਰਹੇ ਹਨ, ਪਰ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਵਿੱਚ RTI ਪ੍ਰਣਾਲੀ ਨੂੰ ਲਗਭਗ ਮਰਦਾ ਹਾਲ ਕਰ ਦਿੱਤਾ ਹੈ। ਪਿਛਲੇ ਚਾਰ ਸਾਲਾਂ ਤੋਂ ਸਰਕਾਰੀ ਖਰਚਿਆਂ ਦਾ ਪੂਰਾ ਹਿਸਾਬ ਜਨਤਕ ਨਹੀਂ ਕੀਤਾ ਜਾ ਰਿਹਾ। ਮੀਡੀਆ ਵਿੱਚ ਸਵਾਲ ਪੁੱਛਣ ’ਤੇ ਪਰਚੇ ਦਰਜ ਕਰ ਦਿੱਤੇ ਜਾਂਦੇ ਹਨ।

ਕਾਨੂੰਨ-ਵਿਵਸਥਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਗੋਲੀਆਂ ਚੱਲ ਰਹੀਆਂ ਹਨ, ਗੈਂਗਸਟਰ ਬੇਖੌਫ਼ ਫਿਰੋਤੀਆਂ ਮੰਗ ਰਹੇ ਹਨ ਅਤੇ ਅਖ਼ਬਾਰ ਹਰ ਰੋਜ਼ ਕਤਲੋਗਾਰਤ ਦੀਆਂ ਖ਼ਬਰਾਂ ਨਾਲ ਭਰੇ ਹੁੰਦੇ ਹਨ। ਇੰਝ ਲੱਗਦਾ ਹੈ ਕਿ ਸਰਕਾਰ ਨੇ ਸੂਬੇ ਨੂੰ ਗੈਂਗਸਟਰਾਂ ਦੇ ਹਵਾਲੇ ਛੱਡ ਦਿੱਤਾ ਹੈ।

ਅਖੀਰ ਵਿੱਚ ਮਾਨਿਕ ਗੋਇਲ ਨੇ ਕਿਹਾ ਕਿ ਹੁਣ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪਵੇਗਾ, ਨਹੀਂ ਤਾਂ ਆਉਣ ਵਾਲਾ ਸਮਾਂ ਹੋਰ ਵੀ ਮੁਸ਼ਕਲ ਹੋਵੇਗਾ। ਉਨ੍ਹਾਂ “ਪ੍ਰੈੱਸ ਦੀ ਆਜ਼ਾਦੀ ਬਹਾਲ ਕਮੇਟੀ” ਵੱਲੋਂ SKM ਦੇ ਧਰਨੇ ਦਾ ਸਮਰਥਨ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕਿਸਾਨਾਂ ਦੀਆਂ ਮੰਗਾਂ ਤੁਰੰਤ ਅਤੇ ਪਹਿਲ ਦੇ ਆਧਾਰ ’ਤੇ ਮੰਨੀਆਂ ਜਾਣ।

ਨਾਲ ਹੀ ਉਨ੍ਹਾਂ 24 ਜਨਵਰੀ ਨੂੰ ਬਠਿੰਡਾ ਵਿਖੇ ਪ੍ਰੈੱਸ ਦੀ ਆਜ਼ਾਦੀ ਲਈ ਕੀਤੇ ਜਾ ਰਹੇ ਵੱਡੇ ਰੋਸ ਮੁਜ਼ਾਹਰੇ ਵਿੱਚ ਸਾਰੀਆਂ ਯੂਨੀਅਨਾਂ, ਕਿਸਾਨ ਜਥੇਬੰਦੀਆਂ ਅਤੇ ਲੋਕਤੰਤਰ ’ਤੇ ਵਿਸ਼ਵਾਸ ਰੱਖਣ ਵਾਲੇ ਹਰ ਵਰਗ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਮੁਜ਼ਾਹਰਾ ਇਤਿਹਾਸਕ ਹੋਵੇਗਾ।

LEAVE A REPLY

Please enter your comment!
Please enter your name here