ਫ਼ਗਵਾੜਾ ਹਿੰਸਾ ‘ਚ ਮਾਰੇ ਗਏ ਨੌਜਵਾਨ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀ

0
4

ਜਲੰਧਰ(ਸਾਰਾ ਯਹਾ): ਫ਼ਗਵਾੜਾ ਹਿੰਸਾ ਵਿੱਚ ਮਾਰੇ ਗਏ ਨੌਜਵਾਨ ਜਸਵੰਤ ਉਰਫ਼ ਬੌਬੀ ਦੇ ਪਰਿਵਾਰ ਨੂੰ ਸਰਕਾਰ ਨੇ ਪੰਜ ਲੱਖ ਰੁਪਏ ਦਾ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੁਹੰਮਦ ਤੈਯਬ ਨੇ ਮ੍ਰਿਤਕ ਨੌਜਵਾਨ ਦੇ ਮਾਤਾ ਨੂੰ ਮੁਆਵਜ਼ਾ ਰਾਸ਼ੀ ਦਾ ਚੈੱਕ ਸੌਂਪਿਆ। ਐਤਵਾਰ ਨੂੰ ਕਰੜੀ ਸਰੱਖਿਆ ਹੇਠ ਜਸਵੰਤ ਉਰਫ਼ ਬੌਬੀ ਦਾ ਸਸਕਾਰ ਕੀਤਾ ਗਿਆ। ਬੌਬੀ 13 ਅਪ੍ਰੈਲ ਨੂੰ ਦਲਿਤ ਭਾਈਚਾਰੇ ਤੇ ਸ਼ਿਵ ਸੈਨਿਕਾਂ ਵਿਚਾਲੇ ਝਗੜੇ ਵਿੱਚ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ। ਕੱਲ੍ਹ ਰਾਤ ਉਸ ਦੀ ਮੌਤ ਹੋ ਗਈ ਸੀ।

3 ਅਪ੍ਰੈਲ ਦੀ ਰਾਤ ਫ਼ਗਵਾੜਾ ਦੇ ਗੌਲ ਚੌਕ ਵਿੱਚ ਡਾ. ਬੀ.ਆਰ. ਅੰਬੇਦਕਰ ਦੇ ਨਾਂਅ ਦਾ ਬੋਰਡ ਲਾ ਰਹੇ ਦਲਿਤਾਂ ਨਾਲ ਸ਼ਿਵ ਸੈਨਿਕਾਂ ਦਾ ਝਗੜਾ ਹੋ ਗਿਆ ਸੀ। ਇਸ ਦੌਰਾਨ ਗੋਲੀਆਂ ਲੱਗਣ ਨਾਲ ਦੋ ਮੁੰਡੇ ਜ਼ਖਮੀ ਹੋ ਗਏ ਸੀ। 19 ਸਾਲ ਦੇ ਬੌਬੀ ਦੇ ਸਿਰ ਵਿੱਚ ਗੋਲੀ ਲੱਗੀ ਸੀ, ਜੋ ਉਸ ਲਈ ਘਾਤਕ ਸਿੱਧ ਹੋਈ।

ਪ੍ਰਸ਼ਾਸਨ ਨੇ ਸ਼ਨੀਵਾਰ ਰਾਤ 11 ਵਜੇ ਹੀ ਜਲੰਧਰ, ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਸੀ। ਐਤਵਾਰ ਸਵੇਰੇ ਫਿਲੌਰ ਤੋਂ ਜਲੰਧਰ ਤੱਕ ਨੈਸ਼ਨਲ ਹਾਈਵੇ ਵੀ ਬੰਦ ਕਰ ਦਿੱਤਾ ਗਿਆ। ਫਿਲਹਾਲ ਇੰਟਰਨੈੱਟ ਸੇਵਾ ਬਹਾਲ ਕਰਨ ਬਾਰੇ ਪ੍ਰਸ਼ਾਸਨ ਨੇ ਕੋਈ ਫੈਸਲਾ ਨਹੀਂ ਲਿਆ ਹੈ।

LEAVE A REPLY

Please enter your comment!
Please enter your name here