

ਮਾਨਸਾ 19ਦਸੰਬਰ ( ਸਾਰਾ ਯਹਾਂ/ਮੁੱਖ ਸੰਪਾਦਕ) ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਰੀਬ ਬਸਤੀਆਂ ‘ਚ ਆਮ ਜਨਤਾ ਨੂੰ 24 ਘੰਟੇ ਨਿਰਵਿਘਨ ਮੁਢੱਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਤਜਰਬੇਕਾਰ ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਮਾਨਤਾ ਦੇਣ ਦੀ ਚਿਰੋਕਣੀ ਲਟਕਦੀ ਆ ਰਹੀ ਮੰਗ ਨੂੰ ਲੈ ਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. ਨੰ: 295 ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਦੀ ਅਗਵਾਈ ਹੇਠ ਇੱਕ ਵਫ਼ਦ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੂੰ ਉਹਨਾਂ ਦੇ ਗ੍ਰਹਿ ਵਿਖੇ ਮਿਲਿਆ। ਇਸ ਮੌਕੇ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਡਾ. ਅੰਮ੍ਰਿਤਵੀਰ ਸਿੱਧੂ ਦੇ ਯਤਨਾਂ ਸਦਕਾ ਐਸੋਸੀਏਸ਼ਨ ਦੀ ਸੂਬਾਈ ਟੀਮ ਜਿਸ ‘ਚ ਸੂਬਾ ਸੀਨੀਅਰ ਵਾਇਸ ਪ੍ਰਧਾਨ ਡਾ. ਜਸਵਿੰਦਰ ਸਿੰਘ ਖੀਵਾ, ਚੇਅਰਮੈਨ ਡਾ. ਐਚ.ਐਸ. ਰਾਣੂ , ਸਲਾਹਕਾਰ ਡਾ. ਜਰਨੈਲ ਸਿੰਘ ਡੋਡ, ਡਾ. ਜਲੰਧਰ ਸਿੰਘ ਅਤੇ ਜ਼ਿਲ੍ਹਾ ਅਤੇ ਬਲਾਕ ਆਗੂ ਵੀ ਸ਼ਾਮਿਲ ਸਨ ਨੇ ਸਪੀਕਰ ਸਾਹਿਬ ਨੂੰ ਯਾਦ ਕਰਵਾਇਆ ਕਿ ਉਹਨਾਂ ਦੇ ਸੁਹਿਰਦ ਯਤਨਾਂ ਸਦਕਾ ਅਣ-ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਸਬੰਧੀ 26 ਨਵੰਬਰ 2024 ਨੂੰ ਪੰਜਾਬ ਸਕੱਤਰੇਤ ਚੰਡੀਗੜ੍ਹ ਵਿਖੇ ਮਾਨਯੋਗ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਅਗਵਾਈ ਹੇਠ ਸੂਬਾ ਕਮੇਟੀ ਦੀ ਲੀਡਰਸ਼ਿਪ ਨਾਲ ਪੈਨਲ ਮੀਟਿੰਗ ਹੋਈ ਸੀ। ਜਿਸ ‘ਚ ਸਿਹਤ ਵਿਭਾਗ ਦੇ ਡਾਇਰੈਕਟਰ , ਸਿਹਤ ਸਕੱਤਰ ਅਤੇ ਆਹਲਾ ਅਧਿਕਾਰੀ ਵੀ ਸ਼ਾਮਿਲ ਸਨ। ਅਣ-ਰਜਿਸਟਰਡ ਤਜ਼ਰਬੇਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਮਾਨਤਾ ਸਬੰਧੀ ਕਾਫ਼ੀ ਵਿਚਾਰ ਵਟਾਂਦਰਾ ਕਰਨ ਉਪਰੰਤ ਸਿਹਤ ਮੰਤਰੀ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਲਦੀ ਸ਼ਾਰਟ ਟਰਮ ਟ੍ਰੇਨਿੰਗ ਕੋਰਸ ਸ਼ੁਰੂ ਕਰਵਾਉਣ ਦੇ ਨਿਰਦੇਸ਼ ਦਿੰਦਿਆਂ ਮਸਲੇ ਦਾ ਜਲਦੀ ਹੱਲ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ । ਪ੍ਰੰਤੂ ਇੱਕ ਸਾਲ ਬੀਤਣ ਦੇ ਬਾਵਜੂਦ ਵੀ ਇਸ ਮਸਲੇ ਨੂੰ ਕਾਨੂੰਨੀ ਨੁਕਤਾ ਨਿਗਾਹ ਤੋਂ ਦੇਖਦਿਆਂ ਕਾਨੂੰਨੀ ਸਲਾਹਾਂ ਲਈਆਂ ਜਾ ਰਹੀਆਂ ਹਨ, ਜਦੋਂ ਕਿ ਅਸਲੋਂ ਇੱਕ ਗੰਭੀਰ ਅਤੇ ਸਮਾਜਿਕ ਮਸਲਾ ਹੈ। ਜਿਸ ਦਾ ਲੋਕ ਹਿਤਾਂ ਨੂੰ ਧਿਆਨ ‘ਚ ਰੱਖਦਿਆਂ ਕੋਈ ਸਥਾਈ ਹੱਲ ਕੱਢਣਾ ਚਾਹੀਦਾ ਹੈ । ਮਾਨਯੋਗ ਸਪੀਕਰ ਸਾਹਿਬ ਸੰਧਵਾਂ ਵੱਲੋਂ ਮਸਲੇ ਨੂੰ ਧਿਆਨ ਨਾਲ ਸੁਣਦਿਆਂ ਕਿਹਾ ਕਿ ਮੈਂ ਐਸੋਸੀਏਸ਼ਨ ਦੇ ਇਸ ਮਸਲੇ ਨੂੰ ਬਿਲਕੁਲ ਵਾਜਬ ਸਮਝਦਾ ਹਾਂ ਤੇ ਯਕੀਨਨ ਸਰਕਾਰ ਵੱਲੋਂ ਇਸ ਦਾ ਹੱਲ ਕਰਨਾ ਚਾਹੁੰਦੇ ਹਾਂ। ਉਹਨਾਂ ਉਸੇ ਸਮੇਂ ਮਾਨਯੋਗ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਫ਼ੋਨ ਤੇ ਰਾਬਤਾ ਕਰਕੇ ਜੱਥੇਬੰਦੀ ਨਾਲ ਵੀ ਗੱਲਬਾਤ ਕਰਵਾਈ ਅਤੇ ਵਾਅਦਾ ਕੀਤਾ ਕਿ ਸਰਕਾਰ ਵੱਲੋਂ ਜਲਦੀ ਹੀ ਸ਼ਾਰਟ ਟਰਮ ਕੋਰਸ ਸ਼ੁਰੂ ਕਰਕੇ ਮਸਲੇ ਦਾ ਕੋਈ ਠੋਸ ਹੱਲ ਕਰਨ ਦਾ ਜਲਦੀ ਹੀ ਯਤਨ ਕੀਤਾ ਜਾਵੇਗਾ। ਇਸ ਦੌਰਾਨ ਉਹਨਾਂ ਕਾਨੂੰਨੀ ਮਾਹਿਰਾਂ ਨਾਲ ਵੀ ਫੋਨ ਰਾਹੀਂ ਇਸ ਸਮਾਜਿਕ ਅਤੇ ਅਤਿ ਗੰਭੀਰ ਮਸਲੇ ‘ਤੇ ਗੱਲਬਾਤ ਕੀਤੀ। ਐਸੋਸੀਏਸ਼ਨ ਵੱਲੋਂ ਸੰਧਵਾਂ ਸਾਹਿਬ ਦਾ ਵਫ਼ਦ ਦੀ ਗੱਲ ਸੁਖਾਵੇਂ ਮਾਹੌਲ ‘ਚ ਅਤੇ ਸੁਹਿਰਦਤਾ ਨਾਲ ਸੁਣਨ ਅਤੇ ਹੱਲ ਦਾ ਭਰੋਸਾ ਦੇਣ ਲਈ ਤਹਿ ਦਿਲੋਂ ਧੰਨਵਾਦ ਵੀ ਕੀਤਾ। ਇਸ ਮੌਕੇ ਮਾਨਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਲ ਮੰਗਾਂ ਨਾਲ ਸਬੰਧਤ ਦਸਤਾਵੇਜਾਂ ਦੀ ਫਾਇਲ ਵੀ ਉਹਨਾਂ ਨੂੰ ਸੌਂਪੀ ਗਈ।
ਵਫ਼ਦ ‘ਚ ਸੀਨੀਅਰ ਆਗੂ ਡਾ. ਗੁਰਪਾਲ ਸਿੰਘ ਮੌੜ, ਡਾ. ਗੋਪਾਲ ਕਟਾਰੀਆ, ਜ਼ਿਲ੍ਹਾ ਕੈਸ਼ੀਅਰ ਡਾ. ਜਗਸੀਰ ਸਿੰਘ ਕੋਟਕਪੂਰਾ, ਸੀਨੀਅਰ ਮੀਤ ਪ੍ਰਧਾਨ ਡਾ. ਬਲਵਿੰਦਰ ਸਿੰਘ ਜੈਤੋ , ਡਾ . ਹਰਪਾਲ ਸਿੰਘ ਡੇਲਿਆਂ ਵਾਲੀ, ਡਾ. ਸੁਖਜਿੰਦਰ ਸਿੰਘ ਹਰੀ ਨੌਂ, ਡਾ. ਸੁਖਚੈਨ ਸਿੰਘ ਸੰਧੂ, ਡਾ. ਜਸਵਿੰਦਰ ਸਿੰਘ ਗਿੱਲ, ਡਾ. ਰਾਜ ਸਿੰਘ, ਡਾ. ਵਰਿੰਦਰ ਸਿੰਘ ਡੋਡ, ਡਾ. ਅਮਰਜੀਤ ਸਿੰਘ ਲੰਭਵਾਲੀ, ਡਾ. ਬਲਦੇਵ ਸਿੰਘ, ਡਾ. ਵਿਕਰਮ ਚੋਹਾਨ, ਡਾ. ਮਨਪ੍ਰੀਤ ਸਿੰਘ, ਡਾ. ਸਰਾਜ ਖ਼ਾਨ, ਤੋਂ ਇਲਾਵਾ ਜ਼ਿਲ੍ਹੇ ਅਤੇ,ਬਲਾਕਾਂ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਰ ਸੀ ।























