

ਮਾਨਸਾ, 19 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) -ਸੀ.ਆਈ.ਏ ਸਟਾਫ ਮਾਨਸਾ ਦੇ ਇੰਚਾਰਜ ਬਲਕੌਰ ਸਿੰਘ ਨੂੰ ਪੰਜਾਬ ਪੁਲਸ ਨੇ ਸਬ ਇੰਸਪੈਕਟਰ ਤੋਂ ਪਦਉਨਤ ਕਰਕੇ ਇੰਸਪੈਕਟਰ ਬਣਾਇਆ ਹੈ। ਉਨ੍ਹਾਂ ਨੂੰ ਇੰਸਪੈਕਟਰ ਬਣਾਉਣ ਤੋਂ ਬਾਅਦ ਐਸ.ਐਸ.ਪੀ ਭਾਗੀਰਥ ਸਿੰਘ ਮੀਨਾ ਨੇ ਉਨ੍ਹਾਂ ਦੇ ਪਦਉਨਤ ਦੀ ਘੋਸ਼ਣਾ ਕਰਦਿਆਂ ਉਨ੍ਹਾਂ ਦੇ ਮੋਢੇ ਤੇ ਫੀਤੀ ਲਗਾਈ। ਈਮਾਨਦਾਰੀ ਅਤੇ ਤਨਦੇਹੀ ਨਾਲ ਪੁਲਸ ਡਿਊਟੀ ਨਿਭਾਉਣ ਲਈ ਪ੍ਰਸ਼ੰਸ਼ਾ ਕੀਤੀ। ਪਿਛਲੇ ਦਿਨੀਂ ਮਾਨਸਾ ਵਿਖੇ ਇਕ ਦੁਕਾਨਦਾਰ ਤੇ ਗੋਲੀਆਂ ਚਲਾਉਣ ਦੀ ਘਟਨਾ ਅਤੇ ਬੁਢਲਾਡਾ ਵਿਖੇ ਨਸ਼ੇੜੀ ਮਾਪਿਆਂ ਵਲੋਂ ਆਪਣਾ ਬੱਚਾ ਵੇਚਣ ਦੇ ਮਾਮਲੇ ਵਿਚ ਸੀ.ਆਈ.ਏ ਸਟਾਫ਼ ਮਾਨਸਾ ਦੇ ਇੰਚਾਰਜ ਬਲਕੌਰ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਤਨਦੇਹੀ ਨਾਲ ਡਿਊਟੀ ਨਿਭਾਈ ਅਤੇ ਮਾਨਸਾ ਗੋਲੀ ਕਾਂਡ ਦੀ ਡੂੰਘਾਈ ਨਾਲ ਜਾਂਚ ਦੌਰਾਨ ਸਹਿਯੋਗ ਕੀਤਾ। ਜਿਸ ਤੋਂ ਬਾਅਦ ਗੋਲੀ ਕਾਂਡ ਦੀਆਂ ਤਾਰਾਂ ਕੈਨੇਡਾ ਨਾਲ ਜਾ ਜੁੜੀਆਂ। ਬਲਕੌਰ ਸਿੰਘ ਲੰਬੇ ਸਮੇਂ ਤੋਂ ਸੀ.ਆਈ.ਏ ਸਟਾਫ ਮਾਨਸਾ ਦੇ ਇੰਚਾਰਜ ਵਜੋਂ ਡਿਊਟੀ ਕਰਦੇ ਆ ਰਹੇ ਹਨ। ਉਨ੍ਹਾਂ ਉਕਤ ਤੋਂ ਇਲਾਵਾ ਪਾਰਦਰਸ਼ਤਾ ਨਾਲ ਡਿਊਟੀ ਦਾ ਫਰਜ ਨਿਭਾਉਂਦਿਆਂ ਅਪਰਾਧ, ਨਸ਼ੇ ਤਸਕਰਾਂ ਅਤੇ ਸ਼ਰਾਰਤੀ ਵਿਅਕਤੀਆਂ ਤੇ ਵੀ ਨਕੇਲ ਪਾਈ ਅਤੇ ਲੋਕਾਂ ਦਾ ਪੁਲਸ ਪ੍ਰਤੀ ਭਰੋਸਾ ਵੱਡਾ ਕੀਤਾ ਹੈ। ਇੰਸਪੈਕਟਰ ਬਲਕੌਰ ਸਿੰਘ ਨੇ ਪੰਜਾਬ ਪੁਲਸ ਵਲੋਂ ਇਹ ਮਾਣ ਅਤੇ ਤਰੱਕੀ ਦੇਣ ਤੇ ਪੰਜਾਬ ਪੁਲਸ ਅਤੇ ਐਸ.ਐਸ.ਪੀ ਮਾਨਸਾ ਦਾ ਧੰਨਵਾਦ ਕਰਦਿਆਂ ਤਨਦੇਹੀ ਨਾਲ ਡਿਊਟੀ ਨਿਭਾਉਣ ਦਾ ਸੰਕਲਪ ਲਿਆ ਅਤੇ ਕਿਹਾ ਕਿ ਸਮਾਜ ਵਿਚੋਂ ਨਸ਼ੇ ਅਤੇ ਮਾੜੀਆਂ ਅਲਾਮਤਾਂ ਖਤਮ ਕਰਨ ਦਾ ਉਹ ਫਕਰ ਨਾਲ ਮਾਣ ਮਹਿਸੂਸ ਕਰਨਗੇ।ਐਸ.ਐਸ.ਪੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਬਲਕੌਰ ਸਿੰਘ ਨੇ ਆਪਣੀ ਡਿਊਟੀ ਦੌਰਾਨ ਕਦੇ ਕੋਤਾਹੀ ਨਹੀਂ ਵਰਤੀ, ਤਨਦੇਹੀ ਨਾਲ ਆਪਣਾ ਫਰਜ ਨਿਭਾਇਆ ਅਤੇ ਅਨੇਕਾਂ ਸੰਜੀਦਾ ਅਤੇ ਗੰਭੀਰ ਮਾਮਲਿਆਂ ਵਿਚ ਆਪਣੀ ਡਿਊਟੀ ਨੂੰ ਜਰੂਰੀ ਮੰਨਦਿਆਂ ਮੋਹਰੀ ਬਣ ਕੇ ਰਹੇ। ਉਨ੍ਹਾਂ ਬਲਕੌਰ ਸਿੰਘ ਨੂੰ ਇੰਸਪੈਕਟਰ ਬਣਨ ਤੇ ਵਧਾਈ ਦਿੰਦੇ ਕਿਹਾ ਕਿ ਭਵਿੱਖ ਵਿਚ ਵੀ ਉਨ੍ਹਾਂ ਤੋਂ ਇਹੀ ਆਸ ਰਹੇਗੀ।























