

31 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਸੀਨੀਅਰ ਸੈਕਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਵਿਖੇ ਸਕੂਲ ਦੇ ਵਿਹੜੇ ਵਿੱਚ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮੇਲਾ ਕਮ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ। ਇਸ ਪੰਜਾਬੀ ਮੇਲੇ ਦਾ ਸ਼ੁਭ ਆਰੰਭ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਨਰਿੰਦਰ ਸਿੰਘ ਅਤੇ ਸਟੇਟ ਅਵਾਰਡੀ ਪੰਜਾਬੀ ਅਧਿਆਪਕ ਡਾ. ਵਿਨੋਦ ਮਿੱਤਲ ਵੱਲੋਂ ਕੀਤਾ ਗਿਆ।
ਇਸ ਮੇਲੇ ਵਿੱਚ, ਜਿੱਥੇ ਵਿਦਿਆਰਥੀਆਂ ਵੱਲੋਂ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਬਹੁਤ ਸੋਹਣੇ-ਸੋਹਣੇ ਮਾਡਲ, ਚਾਰਟ, ਸਕਰੈਪ ਬੁੱਕ ਆਦਿ ਪ੍ਰਦਰਸ਼ਿਤ ਕੀਤੀਆਂ ਗਈਆਂ, ਉਥੇ ਹੀ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਪੁਰਾਤਨ ਚੀਜ਼ਾਂ ਦੀ ਖੂਬਸੂਰਤ ਪ੍ਰਦਰਸ਼ਨੀ ਵੀ ਲਗਾਈ ਗਈ ਤਾਂ ਜੋ ਸਾਡੀ ਇਸ ਨੌਜਵਾਨ ਪੀੜੀ ਨੂੰ ਸਾਡੇ ਅਮੀਰ ਤੇ ਮਹਾਨ ਪੰਜਾਬੀ ਵਿਰਸੇ ਨਾਲ ਜੋੜਿਆ ਜਾ ਸਕੇ। ਇਸ ਪੰਜਾਬੀ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਸਾਡੇ ਅਮੀਰ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਸੈਲਫੀ ਪੁਆਇੰਟ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸ ਮੇਲੇ ਨੂੰ ਕਰਵਾਉਣ ਵਿੱਚ ਪੰਜਾਬੀ ਅਧਿਆਪਕ ਸੁਖਬੀਰ ਕੌਰ, ਅੰਜਨਾ ਰਾਣੀ ਅਤੇ ਕੈਪਟਨ ਬਾਬੂ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਕੂਲ ਦੇ ਸਮੁੱਚੇ ਸਟਾਫ ਅਤੇ ਛੇਵੀਂ ਤੋਂ ਲੈ ਕੇ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੇ ਇਸ ਪੰਜਾਬੀ ਮੇਲੇ ਦਾ ਖੂਬ ਆਨੰਦ ਮਾਣਿਆ ਅਤੇ ਇਸ ਤਰ੍ਹਾਂ ਇਹ ਮੇਲਾ ਆਪਣੀਆਂ ਅਮਿਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ।























