

ਫਗਵਾੜਾ 6 ਅਕਤੂਬਰ (ਸਾਰਾ ਯਹਾਂ/ਸ਼ਿਵ ਕੌੜਾ) ਅੰਗਹੀਣਾਂ ਦੀ ਭਲਾਈ ਲਈ ਸਮਰਪਿਤ ਸਮਾਜ ਸੇਵੀ ਸੰਸਥਾ ਕੇ.ਐਲ. ਚੰਦ ਵੈਲਫੇਅਰ ਟਰੱਸਟ, ਯੂ.ਕੇ. ਦੀ ਪੰਜਾਬ ਇਕਾਈ ਵਲੋਂ ਇੱਕ ਲੋੜਵੰਦ ਅੰਗਹੀਣ ਨੂੰ ਟਰਾਈਸਾਈਕਲ ਜਦਕਿ ਇੱਕ ਮਹਿਲਾ ਸਮੇਤ ਪੰਜ ਹੋਰਨਾਂ ਨੂੰ ਵ੍ਹੀਲਚੇਅਰਾਂ ਭੇਟ ਕੀਤੀਆਂ ਹਨ। ਜਾਣਕਾਰੀ ਸਾਂਝੀ ਕਰਦੇ ਹੋਏ ਟਰੱਸਟ ਦੇ ਪੰਜਾਬ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਨੇ ਦੱਸਿਆ ਕਿ ਚਾਚੋਕੀ ਦੇ ਇੱਕ ਲੋੜਵੰਦ ਵਿਅਕਤੀ ਨੂੰ ਟਰਾਈਸਾਈਕਲ ਦਿੱਤਾ ਗਿਆ ਤੇ ਫਗਵਾੜਾ ਦੇ ਨੇੜਲੇ ਪਿੰਡ ਢੱਡੇ ਦੀ ਇੱਕ ਮਹਿਲਾ ਸਮੇਤ ਪੰਜ ਹੋਰਨਾਂ ਲੋੜਵੰਦਾਂ ਨੂੰ ਵ੍ਹੀਲਚੇਅਰਾਂ ਭੇਟ ਕੀਤੀਆਂ ਗਈਆਂ ਹਨ, ਜਿਹਨਾਂ ‘ਚ ਦੋਸਾਂਝ ਕਲਾਂ, ਕੋਟ ਗਰੇਵਾਲ ਅਤੇ ਨੂਰਪੁਰ ਦੇ ਅੰਗਹੀਣ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਟਰੱਸਟ ਦੇ ਮੈਂਬਰਾਂ ਨੇ ਘਰ-ਘਰ ਵ੍ਹੀਲਚੇਅਰਾਂ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ ਤਾਂ ਜੋ ਅੰਗਹੀਣ ਲੋੜਵੰਦਾਂ ਨੂੰ ਆਉਣ-ਜਾਣ ਦੀ ਖੇਚਲ ਨਾ ਝੱਲਣੀ ਪਵੇ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਪਾਲੀ ਸਕਾਟਲੈਂਡ ਅਤੇ ਗੁਰਵੀਰ ਸਿੰਘ ਰੰਧਾਵਾ ਯੂ.ਕੇ. ਤੋਂ ਇਲਾਵਾ ਐਡਵੋਕੇਟ ਐਸ.ਕੇ. ਅਗਰਵਾਲ ਅਤੇ ਨਗਰ ਕੌਂਸਲਰ ਚਿਰੰਜੀ ਲਾਲ ਕਾਲਾ ਨੇ ਟਰੱਸਟ ਦੇ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਇਸਨੂੰ ਸਰਬ ਉੱਤਮ ਸੇਵਾ ਅਤੇ ਪਰਉਪਕਾਰ ਦੱਸਿਆ । ਉਨ੍ਹਾਂ ਕਿਹਾ ਕਿ ਲੋੜਵੰਦਾਂ, ਖਾਸ ਕਰਕੇ ਅੰਗਹੀਣਾਂ ਦੀ ਸੇਵਾ ਕਰਨਾ ਅਤੇ ਮੱਦਦ ਕਰਨਾ ਪਰਮਾਤਮਾ ਪ੍ਰਤੀ ਸੱਚੀ ਸ਼ਰਧਾ ਹੈ। ਸਾਨੂੰ ਸਾਰਿਆਂ ਨੂੰ ਅਜਿਹੇ ਸਮਾਜਿਕ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਟਰੱਸਟ ਆਪਣੇ ਸੰਸਥਾਪਕ ਕੇ.ਐਲ. ਚਾਂਦ ਯੂ.ਕੇ. ਦੀ ਰਹਿਨੁਮਾਈ ਹੇਠ ਨਿਰਸਵਾਰਥ ਲੋੜਵੰਦਾਂ ਦੀ ਸੇਵਾ ਅਤੇ ਸਹਾਇਤਾ ਕਰ ਰਿਹਾ ਹੈ। ਇਸ ਲਈ ਟਰੱਸਟ ਨੂੰ ਆਪਣੀ ਕਮਾਈ ਵਿੱਚੋਂ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੇ ਨੇਕ ਯਤਨ ਜਾਰੀ ਰਹਿ ਸਕਣ। ਅੰਤ ਵਿੱਚ ਰਾਜਿੰਦਰ ਕੁਮਾਰ ਬੰਟੀ ਨੇ ਪਤਵੰਤਿਆਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਟਰੱਸਟ ਮੈਂਬਰਾਂ ਅਤੇ ਦੇਸ਼, ਵਿਦੇਸ਼ ‘ਚ ਵੱਸਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਟਰੱਸਟ ਵਲੋਂ ਇਸ ਉਪਰਾਲੇ ਨੂੰ ਜਾਰੀ ਰੱਖਿਆ ਜਾਵੇਗਾ। ਫਗਵਾੜਾ ਦੇ ਫਰੈਂਡਜ਼ ਕਲੋਨੀ ਵਿਖੇ ਵ੍ਹੀਲਚੇਅਰਾਂ ਦੀ ਰਵਾਨਗੀ ਮੌਕੇ ਆਯੋਜਿਤ ਸੰਖੇਪ ਸਮਾਰੋਹ ਦੌਰਾਨ ਠੇਕੇਦਾਰ ਜਸਵਿੰਦਰ ਸਿੰਘ ਅਕਾਲਗੜ੍ਹ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ।























