ਪਾਰਸਲ ਬੰਬ ਦੇ ਮਾਸਟਰਮਾਈਂਡ ਆਏ ਪੁਲਿਸ ਅੜਿਕੇ

0
112
ਮਾਨਸਾ, 01 ਦਸੰਬਰ (ਬਲਜੀਤ ਸ਼ਰਮਾ) : ਸੀ.ਆਈ.ਏ. ਸਟਾਫ਼ ਮਾਨਸਾ ਨੇ ਅੱਜ ਪਾਰਸਲ ਬੰਬ ਦੇ ਤਿੰਨ ਦੋਸ਼ੀਆਂ ਵਿਚੋਂ ਦੋ ਨੂੰ ਗ੍ਰਿਫ਼ਤਾਰ ਕਰਕੇ ਇਕ ਵੱਡੀ ਵਾਰਦਾਤ ਨੂੰ ਕਾਮਯਾਬ ਹੋਣ ਤੋਂ ਪਹਿਲਾਂ ਹੀ ਨਾਕਾਮ ਕਰ ਦਿੱਤਾ, ਜਿਨ੍ਹਾਂ ਪਾਸੋਂ ਇਕ ਮੋਟਰਸਾਇਕਲ CT-100 ਵੀ ਬਰਾਮਦ ਹੋਇਆ ਹੈ।
ਇਸ ਸਬੰਧੀ ਐਸ.ਐਸ.ਪੀ. ਮਾਨਸਾ ਸ੍ਰੀ ਮਨਧੀਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਦੋਸ਼ੀ 20 ਲੱਖ ਰੁਪਏ ਦੀ ਫਿਰੌਤੀ ਲੈ ਕੇ ਹੋਰ ਪੈਸਾ ਇਕੱਠਾ ਕਰਨ ਦੇ ਮਕਸਦ ਨਾਲ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ। ਦੋਸ਼ੀਆਂ ਦੀ ਪਹਿਚਾਣ ਰਾਕੇਸ਼ ਕੁਮਾਰ ਉਰਫ਼ ਨਿਕੜਾ (32) ਵਾਸੀ ਪਿੰਡ ਕਲੋਠਾ ਫਤਿਹਾਬਾਦ, ਹਰਿਆਣਾ ਅਤੇ ਜਗਜੀਤ ਜੱਗੀ (20) ਵਾਸੀ ਵਾਰਡ ਨੰਬਰ 12 ਰਤੀਆ ਵਜ਼ੋਂ ਹੋਈ ਹੈ।
       ੳਨਾਂ ਦੱਸਿਆ ਕਿ ਪਿਛਲੇ ਦਿਨੀ ਬਰਾਂਨੁਹਾਰੇ ਵਾਸੀ ਸ਼ੰਕੁਤਲਾ ਦੇਵੀ ਦੇ ਘਰ ਇਨਾਂ ਮੁਜਰਮਾਂ ਵੱਲੋਂ ਪਾਰਸਲ ਬੰਬ ਦੇਕੇ ਚਿੱਠੀ ਦੇ ਜ਼ਰੀਏ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਵੇਖਣ ਵਿਚ ਅਸਲੀ ਬੰਬ ਲੱਗਣ ਵਾਲੇ ਇਸ ਪਾਰਸਲ ਦੀ ਜਦੋਂ ਬਠਿੰਡੇ ਤੋਂ ਮੰਗਵਾਈ ਬੰਬ ਸਕੂਐਡ ਟੀਮ ਦੁਆਰਾ ਜਾਂਚ ਕੀਤੀ ਗਈ ਤਾਂ ਇਹ ਬੰਬ ਨਕਲੀ ਪਾਇਆ ਗਿਆ ਜੋ ਕਿ ਟੀ.ਵੀ. ਦੇ ਕਿਸੇ ਪੁਰਜ਼ੇ ਦਾ ਇਸਤੇਮਾਲ ਕਰਕੇ ਬਣਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਫੜੇ ਗਏ ਮੁਜ਼ਰਮ ਜਗਜੀਤ ਜੱਗੀ ਰਤੀਏ ਵਿਖੇ ਇਕ ਫੋਟੋ ਫਰੇਮ ਦੀ ਦੁਕਾਨ ਤੇ ਕੰਮ ਕਰਦਾ ਹੈ ਅਤੇ ਦੋਨੋ ਹੀ ਮੁਜ਼ਰਮ ਨਸ਼ੇ ਦੇ ਆਦੀ ਹਨ ਅਤੇ 3 ਵੱਖ—ਵੱਖ ਕੇਸਾਂ (ਇਰਾਦਾ ਕਤਲ, ਚੋਰੀ, ਅਤੇ ਰੇਪ) ਦੇ ਮਾਮਲਿਆਂ ਵਿਚ ਸਜ਼ਾ ਕੱਟ ਚੁੱਕੇ ਹਨ। ਰਕੇਸ਼ ਨਿਕੜਾ ਪਹਿਲਾਂ ਜਾਨੋਂ ਮਾਰਨ ਦੀ ਕੋਸਿ਼ਸ ਅਤੇ ਰੇਪ ਜਿਹੇ ਸੰਗੀਨ ਜ਼ੁਰਮ ਵਿੱਚ ਜੇਲ ਜਾ ਚੁੱਕਾ ਹੈ ਜਦਕਿ ਜਗਜੀਤ ਜੱਗੀ ਵੀ ਚੋਰੀ ਦੀ ਕੇਸ ਵਿੱਚ ਪਹਿਲਾਂ ਜੇਲ ਜਾ ਚੁੱਕਾ ਹੈ। ਇਨ੍ਹਾਂ ਦੋਵੇਂ ਮੁਜਰਮਾਂ ਉਪਰ ਇਹ ਪਰਚੇ ਹਰਿਆਣਾ ਦੇ ਰਤੀਆ ਅਤੇ ਫਤਿਆਬਾਦ ਵਿਖੇ ਦਰਜ ਹੋ ਚੁੱਕੇ ਹਨ । 
ਮੁਜ਼ਰਮਾਂ ਖਿਲਾਫ਼ ਬੁਢਲਾਡਾ ਥਾਣਾ ਵਿਖੇ 386/511/506/34 ਅਤੇ ਐਕਸਪਲੋਸਿਵ ਸਬਸਟਾਂਸਿਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ।
        ਇਸ ਮੌਕੇ ਡੀ.ਐਸ.ਪੀ. ਸਬ ਡਵੀਜ਼ਨ ਬੁਢਲਾਡਾ ਸ੍ਰੀ ਜਸਪ੍ਰੀਤ ਸਿੰਘ, ਸੀ.ਆਈ.ਏ. ਇੰਚਾਰਜ ਸ੍ਰੀ ਬਲਜੀਤ ਸਿੰਘ, ਐਸ.ਐਚ.ਓ ਸਿਟੀ ਬੁਢਲਾਡਾ ਸ੍ਰੀ ਮੋਹਨ ਲਾਲ ਹਾਜ਼ਰ ਸਨ।


EDITED BY : SARA YAHA | | Last Updated :7:14 PM 1 ਦਸੰਬਰ  2018

LEAVE A REPLY

Please enter your comment!
Please enter your name here