

ਮਾਨਸਾ, 25 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)-ਹੜ੍ਹਾਂ, ਸੀਵਰੇਜ ਅਤੇ ਮੀਹਾਂ ਦੇ ਪਾਣੀ ਤੋਂ ਬਾਅਦ ਫੈਲੀਆਂ ਬਿਮਾਰੀਆਂ ਨੂੰ ਲੈ ਕੇ ਸਿਹਤ ਮਹਿਕਮਾ ਅਤੇ ਨਿੱਜੀ ਹਸਪਤਾਲਾਂ ਦੇ ਵੱਖਰੇ ਵੱਖਰੇ ਅੰਕੜੇ ਹਨ। ਹਾਲਾਂਕਿ ਸਿਹਤ ਮਹਿਕਮਾ ਜ਼ਿਲੇ ਭਰ ਵਿਚ ਡੇਂਗੂ ਅਤੇ ਚਿਕਨਗੁਣੀਆ ਦਾ ਕੋਈ ਮਰੀਜ ਨਾ ਹੋਣ ਦੀ ਗੱਲ ਕਹਿ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਨਿੱਜੀ ਹਸਪਤਾਲ ਵੱਡੀ ਤਾਦਾਦ ਵਿਚ ਅਜਿਹੇ ਮਰੀਜਾਂ ਦਾ ਰੋਜ ਉਨ੍ਹਾਂ ਕੋਲ ਆਉਣ ਦਾ ਜਿਕਰ ਕਰ ਰਿਹਾ ਹੈ। ਉਧਰ ਨਗਰ ਕੌਂਸਲ ਨੇ ਸੀਵਰੇਜ ਅਤੇ ਮੀਹਾਂ ਦਾ ਪਾਣੀ ਸਾਫ ਕਰਵਾਉਣ ਤੋਂ ਬਾਅਦ ਸ਼ਹਿਰ ਵਿਚ ਫੋਗਿੰਗ ਕਰਵਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸ਼ਹਿਰ ਅੰਦਰ ਕਰੀਬ ਹਰ ਦੂਜੇ ਤੀਜੇ ਘਰ ਦੇ ਚਿਕਨਗੁਣੀਆ, ਡੇਂਗੂ, ਮਲੇਰੀਆ ਅਤੇ ਮੌਸਮੀ ਬਿਮਾਰੀਆਂ ਨਾਲ ਲੋਕ ਪੀੜਤ ਹਨ ਅਤੇ ਵੱਡੀ ਤਾਦਾਦ ਵਿਚ ਲੋਕ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ। ਮੀਹਾਂ ਅਤੇ ਸੀਵਰੇਜ ਦੇ ਪਾਣੀ ਤੋਂ ਬਾਅਦ ਸ਼ਹਿਰ ਨੂੰ ਬਿਮਾਰੀਆਂ ਨੇ ਜਕੜ ਲਿਆ ਹੈ। ਇਹ ਬਿਮਾਰੀਆਂ ਲਗਾਤਾਰ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀਆਂ ਹਨ। ਸੀ.ਪੀ.ਆਈ ਐਮ ਦੇ ਆਗੂ ਘਨੀਸ਼ਾਮ ਨਿੱਕੂ ਦਾ ਕਹਿਣਾ ਹੈ ਕਿ ਸਿਹਤ ਮਹਿਕਮਾ ਲਾਰਵਾ ਮਿਲਣ ਤੇ ਤੁਰੰਤ ਕਿਸੇ ਦਾ ਚਲਾਨ ਕੱਟ ਦਿੰਦਾ ਹੈ ਪਰ ਸ਼ਹਿਰ ਵਿਚ ਅੱਜ ਕੱਲ ਮੱਛਰ ਦੀ ਭਰਮਾਰ ਨੇ ਬਿਮਾਰੀਆਂ ਫੈਲਾਈਆਂ ਹੋਈਆਂ ਹਨ, ਇਹ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਦਾ ਕੋਈ ਵੀ ਨਿੱਜੀ ਹਸਪਤਾਲ ਵਿਹਲਾ ਨਹੀਂ, ਜਿੱਥੇ ਮਰੀਜਾਂ ਦੀ ਲਾਈਨ ਨਾ ਲੱਗੀ ਹੋਵੇ। ਉਨ੍ਹਾਂ ਕਿਹਾ ਕਿ ਪਹਿਲਾਂ ਦੇ ਮੁਕਾਬਲੇ ਸਿਹਤ ਵਿਭਾਗ ਅੱਜ ਨਿੱਜੀ ਹਸਪਤਾਲਾਂ ਦਾ ਦੌਰਾ ਕਰਕੇ ਦੇਖੇ ਕਿ ਕਿੰਨੀ ਤਾਦਾਦ ਵਿਚ ਲੋਕ ਮਲੇਰੀਆ, ਚਿਕਨਗੁਣੀਆ, ਡੇਂਗੂ, ਪਾਣੀ ਦੇ ਮੱਛਰ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮਰੀਜਾਂ ਦਾ ਅੰਕੜਾ ਇਕੱਠਾ ਕੀਤਾ ਜਾਵੇ ਤਾਂ ਸੈਂਕੜੇ ਦੀ ਤਾਦਾਦ ਵਿਚ ਸ਼ਹਿਰ ਵਿਚ ਇਹ ਮਰੀਜ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਖਾਨਾਪੂਰਤੀ ਅਤੇ ਬੰਦ ਕਮਰਾ ਮੀਟਿੰਗਾਂ ਬੰਦ ਕਰਕੇ ਸਲੱਮ, ਗਰੀਬ ਬਸਤੀਆਂ ਵਿਚ ਜਾ ਕੇ ਦੇਖੇ ਕਿ ਕਿਸ ਤਰ੍ਹਾਂ ਲੋਕ ਮੱਛਰ ਤੋਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਉਧਰ ਸਿਹਤ ਵਿਭਾਗ ਦੇ ਆਪੋਡੀਮਾਲੋਜਿਸਟ ਸੰਤੋਸ਼ ਭਾਰਤੀ ਦਾ ਕਹਿਣਾ ਹੈ ਕਿ ਫਿਲਹਾਲ ਡੇਂਗੂ, ਚਿਕਨਗੁਣੀਆ ਦਾ ਕੋਈ ਵੀ ਮਰੀਜ ਜ਼ਿਲੇ ਵਿਚ ਨਹੀਂ ਹੈ। ਸਿਹਤ ਵਿਭਾਗ ਇਸ ਨੂੰ ਲੈ ਕੇ ਚੌਕੰਨਾ ਹੈ। ਫੋਗਿੰਗ ਅਤੇ ਲੋਕਾਂ ਨੂੰ ਇਸ ਤੋਂ ਜਾਣੂ ਕਰਵਾ ਰਿਹਾ ਹੈ।
ਉਧਰ ਡਾ. ਅਜੇ ਸਿੰਗਲਾ ਦਾ ਕਹਿਣਾ ਹੈ ਕਿ ਕਰੀਬ ਹਰ ਸਾਲ ਇਸ ਮੌਸਮ ਵਿਚ ਮਰੀਜਾਂ ਦੀ ਤਾਦਾਦ ਵਧਦੀ ਹੈ। ਉਨ੍ਹਾਂ ਕਿਹਾ ਕਿ ਮੱਛਰ ਤੋਂ ਹੋਣ ਵਾਲੀਆਂ ਬਿਮਾਰੀਆਂ ਮਲੇਰੀਆ, ਡੇਂਗੂ ਅਤੇ ਚਿਕਨਗੁਣੀਆ ਦੇ ਕਾਫੀ ਮਰੀਜ ਆ ਰਹੇ ਹਨ ਅਤੇ ਅਨੇਕਾਂ ਦਾ ਇਲਾਜ ਵੀ ਚੱਲ ਰਿਹਾ ਹੈ। ਇਸ ਤੋਂ ਬਚਾਅ ਲਈ ਸਾਨੂੰ ਪੂਰੀਆਂ ਬਾਹਾਂ ਦੇ ਕੱਪੜੇ, ਡੇਂਗੂ ਦੀ ਦਵਾਈ ਦਾ ਛਿੜਕਾਅ, ਸਾਵਧਾਨੀਆਂ ਵਰਤਣ ਦੀ ਲੋੜ ਹੈ।
ਉਧਰ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਨੀਨੂੰ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਭਰਿਆ ਸੀਵਰੇਜ ਅਤੇ ਮੀਂਹ ਦੇ ਪਾਣੀ ਨੂੰ ਸਾਫ ਕਰ ਦਿੱਤਾ ਗਿਆ ਹੈ ਅਤੇ ਸ਼ਹਿਰ ਦੇ ਹਰ ਵਾਰਡ ਅੰਦਰ ਲਗਾਤਾਰ ਨਗਰ ਕੌਂਸਲ ਵਲੋਂ ਫੋਗਿੰਗ ਕਰਵਾਈ ਜਾ ਰਹੀ ਹੈ।























