

ਮਾਨਸਾ 25 ਸਤੰਬਰ: (ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੌਤ ਕੌਰ IAS ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਤੋਂ ਇਲਾਵਾ ਸਿਹਤ ਵਿਭਾਗ ਅਤੇ ਸਬੰਧਤ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀਆਂ ਨੇ ਭਾਗ ਲਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ – ਵੱਖ ਸਿਹਤ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ ਅਤੇ ਸਰਕਾਰ ਵੱਲੋਂ ਮਿੱਥੇ ਟੀਚਿਆਂ ਨੂੰ ਸਮੇਂ ਸਿਰ ਪੂਰੇ ਕਰਨ ਦੀ ਹਦਾਇਤ ਕੀਤੀ।
ਉਨ੍ਹਾਂ ਸਿਹਤ ਵਿਭਾਗ ਦੇ ਪ੍ਰੋਗਰਾਮਾਂ ਜਿਵੇਂ ਕਿ ਜਨਨੀ ਸਿਸ਼ੂ ਸੁਰੱਕਸ਼ਾ ਕਾਰਿਆਕਰਮ, ਮੁੱਖ ਮੰਤਰੀ ਕੈਂਸਰ ਰਿਲੀਫ ਫੰਡ, ਨੈਸ਼ਨਲ ਟਿਊਬਰ ਕਲੋਸਿਸ ਇਲੈਮੀਨੇਸ਼ਨ ਪ੍ਰੋਗਰਾਮ, ਨੈਸ਼ਨਲ ਵਾਇਰਲ ਹੈਪਾਟਾਈਟਸ ਕੰਟਰੋਲ ਪ੍ਰੋਗਰਾਮ, ਨੈਸ਼ਨਲ ਵੈਕਟਰ ਬੋਰਨ ਡਿਜੀਜ਼ ਕੰਟਰੋਲ ਪ੍ਰੋਗਰਾਮ, ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਈਂਡਨੈਸ, ਜਨਨੀ ਸੁਰੱਖਿਆ ਯੋਜਨਾ, ਫਰੀ ਐਨੂਅਲ ਪਰਿਵੈਂਟਿਵ ਹੈਲਥ ਚੈਕ ਅਪ, ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤੱਵ ਅਭਿਆਨ, ਜ਼ਿਲ੍ਹੇ ਵਿੱਚ ਚੱਲ ਰਹੇ ਓਟ ਸੈਂਟਰਾਂ, ਆਮ ਆਦਮੀ ਕਲੀਨਿਕਾਂ ਅਤੇ ਨਵੇਂ ਬਣ ਰਹੇ ਆਮ ਆਦਮੀ ਕਲੀਨਿਕਾਂ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ l
ਉਨਾਂ ਡੇਂਗੂ ਮਲੇਰੀਆ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਮਿਊਂਸਪਲ ਕਮੇਟੀ, ਪੰਚਾਇਤੀ ਰਾਜ ਵਿਭਾਗ ਅਤੇ ਸਿਹਤ ਵਿਭਾਗ ਨੂੰ ਅਰਬਨ ਅਤੇ ਪੇਂਡੂ ਏਰੀਆ ਵਿਖੇ ਪਲਾਨ ਬਣਾ ਕੇ ਫੋਗਿੰਗ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਤੋਂ ਬਚਾਅ ਅਤੇ ਸਾਵਧਾਨੀਆਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ l ਉਨ੍ਹਾਂ ਹਦਾਇਤ ਕੀਤੀ ਕਿ ਜੇਕਰ ਜ਼ਿਲ੍ਹੇ ਵਿੱਚ ਜਣੇਪੇ ਦੌਰਾਨ ਕਿਸੇ ਔਰਤ ਦੀ ਮੌਤ ਹੁੰਦੀ ਹੈ ਤਾਂ ਉਸ ਦੀ ਵਿਸ਼ੇਸ਼ ਤੌਰ ‘ਤੇ ਮੋਨੀਟਰਿੰਗ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਮੌਤਾਂ ਨੂੰ ਰੋਕਿਆ ਜਾ ਸਕੇ। ਜਨਨੀ ਸੁਰੱਖਿਆ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਲਾਭ ਦੇ ਕੇ ਸਬੰਧਤ ਪੋਰਟਲ ‘ਤੇ ਅਪਲੋਡ ਕਰਨਾ ਯਕੀਨੀ ਬਣਾਇਆ ਜਾਵੇ। ਗਰਭਵਤੀ ਮਾਵਾਂ ਅਤੇ ਅਤੇ ਬੱਚਿਆਂ ਨੂੰ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਵੈਕਸੀਨੇਸ਼ਨ ਸ਼ਡਿਊਲ ਅਨੁਸਾਰ ਸਮੇਂ ਸਿਰ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹੇ ਵਿਚ ਕੋਈ ਵੀ ਹੋਮ ਡਲਿਵਰੀ ਨਾ ਹੋਣ ਦਿਤੀ ਜਾਵੇ। ਹਰ ਡਲਿਵਰੀ ਸੰਸਥਾਗਤ ਹੋਣੀ ਚਾਹੀਦੀ ਹੈ, ਹਾਈ ਰਿਸਕ ਮਾਵਾਂ ਦੀ ਪਹਿਚਾਣ ਕਰਕੇ ਲਿਸਟ ਨੂੰ ਅਪ ਟੂ ਡੇਟ ਕਰਕੇ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਬਣਾਇਆ ਜਾਵੇ ਤਾਂ ਜੋ ਡਲਿਵਰੀ ਸੁਰੱਖਿਅਤ ਕਰਵਾਈ ਜਾ ਸਕੇ l
ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਅਦਾਰਿਆਂ, ਜਨਤਕ ਥਾਵਾਂ ‘ਤੇ ਪੀਣ ਵਾਲੇ ਪਾਣੀ ਨੂੰ ਚੈੱਕ ਕੀਤਾ ਜਾਵੇ ।ਸਰਕਾਰੀ ਅਦਾਰਿਆਂ ਦੀਆਂ ਪਾਣੀ ਦੀਆਂ ਟੈਂਕੀਆਂ ਨੂੰ ਸਮੇਂ ਸਿਰ ਸਾਫ ਕਰਾਇਆ ਜਾਵੇ ਅਤੇ ਜੇਕਰ ਆਰ.ਓ ਖਰਾਬ ਹਨ ਤਾਂ ਉਹਨਾਂ ਨੂੰ ਸਮੇਂ ਸਿਰ ਠੀਕ ਕਰਾਇਆ ਜਾਵੇ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਾਇਆ ਜਾ ਸਕੇ। ਉਨ੍ਹਾਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਫੂਡ ਸੈਂਪਲਿੰਗ ਅਤੇ ਖਾਣਾ ਬਣਾਉਣ ਵਾਲੀਆਂ ਦੁਕਾਨਾਂ ਦੀ ਸਾਫ ਸਫਾਈ ਚੈੱਕ ਕਰਨ ਦੀ ਹਦਾਇਤ ਕੀਤੀ l
ਇਸ ਮੌਕੇ ਡਬਲਿਊ.ਐਚ.ਓ. ਦੇ ਡਾ.ਨਵੇਦਿਤਾ ਵਾਸੁਦੇਵ ਵੱਲੋਂ ਦੱਸਿਆ ਗਿਆ ਕਿ 12 ਅਕਤੂਬਰ ਤੋਂ 14 ਅਕਤੂਬਰ ਤੱਕ 0 ਤੋਂ 05 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਨਾਲ ਹੀ ਅਪੀਲ ਕੀਤੀ ਕਿ ਜਿਨ੍ਹਾਂ ਦੇ ਬੱਚੇ ਜ਼ੀਰੋ ਤੋਂ ਪੰਜ ਸਾਲ ਦੀ ਉਮਰ ਦੇ ਹਨ ਉਹ 12 ਤਰੀਕ ਨੂੰ ਬੂਥਾਂ ‘ਤੇ ਆ ਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ।
ਇਸ ਮੌਕੇ ਡਾ ਗੁਰਲੀਨ ਕੌਰ ਆਈ.ਏ.ਐਸ. (ਸਿਖਲਾਈ ਅਧੀਨ), ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਸਰਦੂਲਗੜ੍ਹ ਅਜੀਤਪਾਲ ਸਿੰਘ, ਡਾ. ਸਰਬਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ, ਡਾ ਜਗਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਸਰਦੂਲਗੜ੍ਹ, ਸੀਨੀਅਰ ਮੈਡੀਕਲ ਅਫਸਰ ਝੁਨੀਰ ਡਾ.ਵਿਜੈ ਕੁਮਾਰ, ਜਿਲ੍ਹਾ ਟੀ.ਬੀ.ਅਫਸਰ ਡਾ.ਨਿਸ਼ੀ ਸੂਦ, ਡਾ.ਵੇਦ ਪ੍ਰਕਾਸ਼ ਸੰਧੂ, ਡਾ. ਨਿਰਮਲ ਸਿੰਘ, ਡਾ.ਹਰਮਨ ਸਿੰਘ, ਡਾ ਛਵੀ ਬਜਾਜ ਸਾਈਕੈਟ੍ਰਿਕ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵਿਜੇ ਕੁਮਾਰ ਜੈਨ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ, ਜ਼ਿਲ੍ਹਾ ਐਪੀਡਿਮਲੋਜਿਸਟ ਸੰਤੋਸ਼ ਭਾਰਤੀ, ਉੱਪ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਿਰਲੋਕ ਸਿੰਘ, ਪ੍ਰਤਾਪ ਸਿੰਘ, ਫੂਡ ਸੇਫਟੀ ਅਫ਼ਸਰ ਅਮਰਿੰਦਰਪਾਲ ਸਿੰਘ, ਡੀ.ਸੀ.ਐਮ. ਜਗਦੇਵ ਸਿੰਘ ਮਾਨ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।























