*ਭਾਕਿਯੂ (ਏਕਤਾ) ਡਕੌਂਦਾ 27 ਸਤੰਬਰ ਨੂੰ ਪੁਲਿਸ ਪ੍ਰਸ਼ਾਸਨ ਦੇ ਵਿਰੋਧ ਵਿੱਚ ਜਿਲ੍ਹਾ ਹੈਡ ਕੁਆਰਟਰ ‘ਤੇ ਕਰੇਗੀ ਰੋਸ ਪ੍ਰਦਰਸ਼ਨ*

0
8

ਮਾਨਸਾ 25 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਾਨਸਾ ਬਲਾਕ ਦੇ ਪਿੰਡ ਖਿਆਲਾ ਕਲਾਂ ਵਿੱਚ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਵਿੱਚ ਮੀਟਿੰਗ ਕਰਵਾਈ ਗਈ । ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਬੀਤੇ ਦਿਨੀ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦੇ ਸੰਬੰਧ ਵਿੱਚ ਕੀਤੀ ਟਿੱਪਣੀ ਦੀ ਨਿੰਦਿਆ ਕੀਤੀ ਗਈ । ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਕਿਸਾਨਾਂ ਨੂੰ ਪ੍ਰਦੂਸ਼ਣ ਦਾ ਦੋਸ਼ੀ ਠਹਿਰਾਉਣ ਦੀ ਬਜਾਏ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਰਿਪੋਰਟ ਅਨੁਸਾਰ ਇੰਡਸਟਰੀ ਮਾਲਕਾਂ ਨੂੰ ਗ੍ਰਿਫਤਾਰੀ ਦੇ ਆਰਡਰ ਕਰਨੇ ਚਾਹੀਦੇ ਹਨ । ਉਨ੍ਹਾਂ ਜਥੇਬੰਦੀ ਵੱਲੋਂ ਮੰਗ ਅਨੁਸਾਰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਤਾਂ ਕਿ ਆਰਥਿਕ ਤੌਰ ‘ਤੇ ਟੁੱਟ ਚੁੱਕੀ ਕਿਸਾਨੀ ਪਰਾਲੀ ਨੂੰ ਖੇਤਾਂ ਵਿੱਚੋਂ ਚੁੱਕਣ ਦਾ ਕੋਈ ਬਦਲਵਾਂ ਪ੍ਰਬੰਧ ਕਰ ਸਕੇ । ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਜੋ ਖੇਤੀ ਨੀਤੀ ਜਾਰੀ ਕਰਨ ਦਾ ਵਾਅਦਾ ਕੀਤਾ ਗਿਆ ਸੀ, ਦੀ ਵੀ ਮੰਗ ਕੀਤੀ । ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਉੱਤੇ ਖਰੀਦ ਦੀ ਗਰੰਟੀ ਕਰਦੀ ਹੈ ਤਾਂ ਕਿਸਾਨ ਝੋਨੇ ਦੀ ਫਸਲ ਤੋਂ ਬਦਲ ਵੱਲ ਜਾ ਸਕਦੇ ਹਨ । ਦੂਸਰਾ ਜਥੇਬੰਦੀ ਵੱਲੋਂ ਪਿੰਡ ਕੁੱਲਰੀਆਂ ਦੇ ਕਿਸਾਨਾਂ ਉੱਪਰ ਪਾਏ ਝੂਠੇ ਪਰਚੇ ਅਤੇ ਪਿੰਡ ਪਿੱਪਲੀਆਂ ਦੇ ਕਿਸਾਨ ਨਾਲ ਏਜੰਟ ਵੱਲੋਂ ਮਾਰੀ ਠੱਗੀ ਦੇ ਸੰਬੰਧ ਵਿੱਚ 27 ਸਤੰਬਰ ਨੂੰ ਜ਼ਿਲਾ ਹੈਡ ਕੁਆਰਟਰ ‘ਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਕਿਸਾਨਾਂ-ਮਜ਼ਦੂਰਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦਾ ਸੱਦਾ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਜਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਪੀੜਤ ਧਿਰ ਦੇ ਹੱਕ ਵਿੱਚ ਖਲੋਣ ਦੀ ਬਜਾਏ ਗੁੰਡਾ ਗਰੋਹਾਂ, ਸਿਆਸੀ ਧਿਰਾਂ ਅਤੇ ਠੱਗੀ ਮਾਰਨ ਵਾਲੇ ਦੋਸ਼ੀਆਂ ਦੇ ਪੱਖ ਵਿੱਚ ਖਲੋਂਦਾ ਨਜ਼ਰ ਆ ਰਿਹਾ । ਇਸ ਮੌਕੇ ਵਿਸ਼ੇਸ਼ ਤੌਰ ਤੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਭੈਣੀ ਬਾਘਾ ਅਤੇ ਜਿਲ੍ਹੇ ਦੇ ਆਗੂ ਲਖਵੀਰ ਸਿੰਘ ਅਕਲੀਆ, ਬਲਵਿੰਦਰ ਸ਼ਰਮਾਂ ਸਮੇਤ ਰੂਪ ਸ਼ਰਮਾਂ, ਵੀਰਵੱਲ ਸਿੰਘ, ਵਰਿਆਮ ਸਿੰਘ, ਸਿਕੰਦਰ ਸਿੰਘ, ਗੁਰਸੇਵਕ ਸਿੰਘ, ਕਾਕਾ ਸਿੰਘ, ਜਰਨੈਲ ਸਿੰਘ, ਪ੍ਰਗਟ ਸਿੰਘ, ਜੀਤ ਸਿੰਘ, ਜਗਸੀਰ ਸਿੰਘ ਫੌਜੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਸ਼ਾਮਿਲ ਰਹੇ ।

LEAVE A REPLY

Please enter your comment!
Please enter your name here