

ਮਾਨਸਾ 13 ਸਤੰਬਰ (ਸਾਰਾ ਯਾਹਾ/ ਜਗਤਾਰ ਧੰਜਲ) : ਸ਼ਾਂਤ ਵਗਦੇ ਘੱਗਰ ਦਰਿਆ ਨੇ ਹਾਲੇ ਵੀ ਲੋਕਾਂ ਨੂੰ ਡਰਾਇਆ ਹੋਇਆ ਹੈ, ਹਾਲਾਂਕਿ ਕੱਲ੍ਹ ਦੇ ਮੁਕਾਬਲੇ ਸ਼ਨੀਵਾਰ ਨੂੰ ਘੱਗਰ ਦਾ ਪਾਣੀ 20 ਫੁੱਟ ਤੋਂ 2 ਇੰਚ ਹੇਠਾਂ ਹੋਇਆ ਹੈ। ਪਿੰਡ ਸਰਦੂਲੇਵਾਲਾ ਅਤੇ ਹੋਰਨਾਂ ਪਿੰਡਾਂ ਨੇੜੇ ਸ਼ਨੀਵਾਰ ਅਚਨਾਕ ਮੀਂਹ ਪੈਣ ਨਾਲ ਲੋਕ ਡਰ ਗਏ ਅਤੇ ਲੋਕਾਂ ਨੇ ਹੋਰ ਮੀਂਹ ਪੈਣ ਤੋਂ ਤੋਬਾ ਕੀਤੀ। ਘੱਗਰ ਦੇ ਪਾਣੀ ਵਿੱਚ ਹੁਣ ਬੇਮੁਹਾਰਾ ਉਛਾਲ ਹੋਣ ਦੀ ਉਮੀਦ ਬਹੁਤ ਘੱਟ ਹੈ। ਪਿੱਛੋਂ ਆ ਰਹੀਆਂ ਪਾਣੀ ਦੀਆਂ ਛੱਲਾਂ ਘੱਗਰ ਦੇ ਪਾਣੀ ਨੂੰ ਜ਼ਿਆਦਾ ਉਛਾਲ ਨਹੀਂ ਦੇ ਰਹੀਆਂ। ਗੂਹਲਾ ਚੀਕਾ ਵਿਖੇ ਵੀ ਪਾਣੀ 35 ਹਜ਼ਾਰ ਕਿਊਸਿਕ ਵੇਖਿਆ ਗਿਆ, ਪਰ ਇਸਦੇ ਬਾਵਜੂਦ ਘੱਗਰ ਦੁਆਲੇ ਠੀਕਰੀ ਪਹਿਰਾ ਲੋਕਾਂ ਨੇ ਲਾਇਆ ਹੋਇਆ ਹੈ। ਲੋਕਾਂ ਨੂੰ ਹਾਲੇ ਵੀ ਡਰ ਹੈ ਕਿ ਜੇਕਰ ਕਿਸੇ ਕਿਨਾਰਿਓ ਘੱਗਰ ਟੁੱਟ ਗਿਆ ਤਾਂ ਟਲਿਆ ਖ਼ਤਰਾ ਮੁੜ ਤੋਂ ਨੁਕਸਾਨ ਕਰ ਸਕਦਾ ਹੈ। ਇਸ ਕਰਕੇ ਠੀਕਰੀ ਪਹਿਰੇ ’ਤੇ ਬੈਠੇ ਲੋਕ ਹਾਲੇ ਕੋਈ ਵਸਾਹ ਨਹੀਂ ਖਾ ਰਹੇ।
ਮੌਸਮ ਦੇ ਬਦਲਦੇ ਮਿਜ਼ਾਜ ਦਾ ਕੋਈ ਭੇਤ ਨਹੀਂ ਆ ਰਿਹਾ, ਹਾਲਾਂਕਿ ਮੌਸਮ ਵਿਭਾਗ ਵੱਲੋਂ ਪਸ਼ੀਨਗੋਈਆਂ ਕਰਕੇ ਆਉਣ ਵਾਲੇ ਦਿਨਾਂ ਵਿੱਚ ਮੁੜ ਤੋਂ ਮੀਂਹ ਪੈਣ ਦੀ ਗੱਲ ਕਹੀ ਜਾ ਰਹੀ ਹੈ, ਪਰ ਬਿਨਾਂ ਭਵਿੱਖਬਾਣੀ ਦੇ ਮੀਂਹ ਹਾਲੇ ਵੀ ਘੱਗਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਰੁੱਕ-ਰੁੱਕ ਕੇ ਪੈ ਰਿਹਾ ਹੈ। ਮੌਸਮ ਅਤੇ ਜ਼ਮੀਨ ਵਿੱਚ ਹਾਲੇ ਵੀ ਨਮੀਂ ਬਣੀ ਹੋਈ ਹੈ। ਮਾਹਿਰਾਂ ਅਨੁਸਾਰ ਜਦੋਂ ਹੁਣ ਮੌਨਸੂਨ ਵਾਪਸ ਮੁੜੇਗਾ ਤਾਂ ਮੌਸਮ ਖੁਸ਼ਕੀ ਫੜ੍ਹੇਗਾ। ਨਾ ਸਿਰਫ਼ ਮੀਂਹ ਵਾਪਸ ਮੁੜਨਗੇ, ਬਲਕਿ ਹਵਾ ਅਤੇ ਜ਼ਮੀਨ ਵਿਚੋਂ ਨਮੀਂ ਵੀ ਖ਼ਤਮ ਹੋ ਜਾਵੇਗੀ। ਇਸ ਤਰ੍ਹਾਂ ਦੇ ਅਨੁਮਾਨ ਅਤੇ ਪਸ਼ੀਨਗੋਈਆਂ ਲੋਕਾਂ ਨੂੰ ਕੁੱਝ ਤਰਵਾਸ ਦੇ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਮੁੜ ਕੁੱਝ ਦਿਨ ਵਿੱਚ ਤੇਜ਼ ਵਰਖਾ ਹੋਣ ਦੀ ਸੰਭਾਵਨਾ ਹੈ, ਜੇਕਰ ਇਹ ਵਰਖਾ ਬੇਮੁਹਾਰੀ ਹੋਈ ਤਾਂ ਘੱਗਰ ਫਿਰ ਵੀ ਚੜ੍ਹ ਸਕਦਾ ਹੈ, ਪਰ ਅੱਜ ਘੱਗਰ ਬਿਲਕੁਲ ਸ਼ਾਂਤ ਵਗ ਰਿਹਾ ਹੈ। ਘੱਗਰ ਦੇ ਪਾਣੀ ਦਾ ਪੱਧਰ ਸ਼ਨੀਵਾਰ 20 ਫੁੱਟ ਤੋਂ 2 ਇੰਚ ਘੱਟਕੇ ਵਗਦਾ ਵੇਖਿਆ ਗਿਆ।
ਉਧਰ ਹਰਿਆਣਾ ਦੇ ਪਿੰਡ ਪਹਿਨਾਰੀ ਵਿਖੇ ਘੱਗਰ ’ਚ ਪਾੜ ਪੈਣ ਤੋਂ ਬਾਅਦ ਬੇਸ਼ੱਕ ਲੋਕਾਂ ਨੇ ਪਾੜ ਨੂੰ ਪੂਰ ਲਿਆ, ਪਰ ਦੂਰ ਤੱਕ ਕਈ ਪਿੰਡਾਂ ਦੀ ਫ਼ਸਲ ਵਿੱਚ ਪਾਣੀ ਭਰਿਆ ਹੋਇਆ ਹੈ, ਜਿਸ ਨੂੰ ਬਾਹਰ ਕੱਢਣਾ ਔਖਾ ਹੋ ਗਿਆ ਹੈ। ਕਿਸਾਨਾਂ ਦੇ ਯਤਨ ਹਨ ਕਿ ਪਿੰਡ ਪਹਿਨਾਰੀ ਦੇ ਪਾੜ ਤੋਂ ਖੇਤਾਂ ਵਿੱਚ ਭਰਿਆ ਪਾਣੀ ਜੇਕਰ ਫ਼ਸਲ ਤੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਉਨ੍ਹਾਂ ਫ਼ਸਲ ਬਰਬਾਦ ਹੋਣ ਤੋਂ ਬਚ ਸਕਦੀ ਹੈ, ਨਹੀਂ ਤਾਂ ਪਾਣੀ ਦੀ ਭੇਂਟ ਚੜ੍ਹਨ ਨਾਲ ਉਨ੍ਹਾਂ ਵੱਡਾ ਨੁਕਸਾਨ ਝੱਲਣਾ ਪਵੇਗਾ।
ਘੱਗਰ ਸੰਘਰਸ਼ ਕਮੇਟੀ ਅਤੇ ਵਾਤਾਵਰਣ ਪ੍ਰੇਮੀ ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਦਾ ਕਹਿਣਾ ਹੈ ਕਿ ਘੱਗਰ ਦਾ ਖ਼ਤਰਾ ਹੁਣ ਲਗਭਗ ਟਲ ਗਿਆ ਹੈ। ਸੰਭਵੀ ਮੀਂਹ ਪੈਣ ਨਾਲ ਜੇਕਰ ਪਾਣੀ ਵਿੱਚ ਕੁੱਝ ਉਛਾਲ ਆਇਆ ਤਾਂ ਕੋਈ ਉਹ ਜ਼ਿਆਦਾ ਖ਼ਤਰੇ ਵਾਲਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਤੇਜ਼ ਮੀਂਹ ਪੈਣ ਦੀਆਂ ਪਸ਼ੀਨਗੋਈਆਂ ਨੇ ਲੋਕਾਂ ਨੂੰ ਡਰਾਇਆ ਹੋਇਆ ਜ਼ਰੂਰ ਹੈ, ਜਿਸ ਕਰਕੇ ਹਾਲੇ ਵੀ ਘੱਗਰ ਦਾ ਪਾਣੀ 23 ਫੁੱਟ ਤੋਂ ਕਰੀਬ 3 ਫੁੱਟ ਹੇਠਾਂ ਜਾਣ ਦੇ ਬਾਅਦ ਵੀ ਉਸਦੀ ਪਹਿਰੇਦਾਰੀ ਤੇ ਨਜ਼ਰਸਾਨੀ ਕੀਤੀ ਜਾਰੀ ਹੈ।























