

ਬੁਢਲਾਡਾ 5 ਸਤੰਬਰ (ਸਾਰਾ ਯਹਾਂ/ਅਮਨ ਮੇਹਤਾ) : ਸਥਾਨਕ ਸਟੇਟ ਐਵਾਰਡੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਜਿੱਥੇ ਹੜ੍ਹ ਪੀੜਤਾਂ ਲਈ ਕਾਗਜ਼, ਰਾਸ਼ਨ, ਲੰਗਰ, ਦਵਾਈਆਂ, ਮਕਾਨ ਮੁਰੰਮਤ ਸੇਵਾ ਚੱਲ ਰਹੀ ਹੈ, ਉੱਥੇ ਹੀ ਪਾਣੀ ਵਿੱਚ ਘਿਰੇ ਲੋਕਾਂ ਦੇ ਘਰੇਲੂ ਸਮਾਨ ਦੀ ਸੰਭਾਲ ਕੀਤੀ ਜਾ ਰਹੀ ਹੈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਬਲਬੀਰ ਸਿੰਘ ਕੈਂਥ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਚੌੜੀ ਗਲ਼ੀ ਵਿਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ੍ਹ ਗਿਆ। ਸਮਾਨ ਖ਼ਰਾਬ ਹੋਣ ਲਗਿਆ। ਬਹੁਤ ਦੁਖੀ ਮਨ ਨਾਲ ਉਹਨਾਂ ਨੇ ਸੰਸਥਾ ਮੈਂਬਰਾਂ ਨੂੰ ਫੋਨ ਤੇ ਸਮਸਿਆ ਦੱਸੀ। ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੈਂਬਰਾਂ ਵਲੋਂ ਉਸੇ ਸਮੇਂ ਚਲਦੇ ਮੀਂਹ ਵਿੱਚ ਪੀਟਰ ਸਮੇਤ ਪਹੁੰਚ ਕੇ ਕੁੱਝ ਘਰਾਂ ਦਾ ਸਮਾਨ ਸੁਰਖਿਅਤ ਥਾਂ ਸ਼ਿਫਟ ਕੀਤਾ ਅਤੇ ਕੁੱਝ ਘਰਾਂ ਦਾ ਸਮਾਨ ਬੈੱਡ ਆਦਿ ਇੱਟਾਂ ਲਾ ਕੇ ਉੱਚਾ ਕੀਤਾ। ਘਰਾਂ ਅੱਗੇ ਮਿੱਟੀ ਦੇ ਗੱਟੇ ਲਾ ਕੇ ਪਾਣੀ ਅੰਦਰ ਜਾਣੋ ਰੋਕਿਆ ਗਿਆ। ਉਹਨਾਂ ਦੱਸਿਆ ਕਿ ਸੰਸਥਾ ਮੈਂਬਰਾਂ ਤੋਂ ਹੋਰ ਸਮਾਜ ਸੇਵੀ ਵੀ ਇਸ ਕਾਰਜ਼ ਦੀ ਸਹਾਇਤਾ ਲਈ ਪਹੁੰਚੇ। ਕੁਲਦੀਪ ਸਿੰਘ ਅਨੇਜਾ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਲਗਾਤਾਰ ਕਈ ਦਿਨਾਂ ਤੋਂ ਖਾਣੇ ਅਤੇ ਦਵਾਈਆਂ ਦਾ ਲੰਗਰ ਚਾਲੂ ਹੈ। ਲੋੜਵੰਦਾਂ ਦੇ ਮਕਾਨਾਂ ਦੀ ਮੁਰੰਮਤ ਲਈ ਵੀ ਮਦਦ ਕੀਤੀ ਜਾ ਰਹੀ ਹੈ। ਸੁਖਦਰਸ਼ਨ ਸਿੰਘ ਕੁਲਾਨਾ ਅਤੇ ਸੰਸਥਾ ਆਗੂਆਂ ਵਲੋਂ ਦਾਨੀ ਸੱਜਣਾਂ ਨੂੰ ਸਹਿਯੋਗ ਦੇਣ ਦੀ ਅਪੀਲ ਹੈ ਤਾਂ ਜੋ ਵੱਧ ਤੋਂ ਵੱਧ ਮਕਾਨਾਂ ਦੀ ਸੇਵਾ ਕੀਤੀ ਜਾ ਸਕੇ। ਸੰਸਥਾ ਵਲੋਂ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਜਾ ਰਹੀ ਹੈ।























