

ਬੁੱਢਲਾਡਾ 19 ਅਗਸਤ (ਸਾਰਾ ਯਹਾਂ/ਅਮਨ ਮੇਹਤਾ) : ਪਿੰਡ ਹੀਰੋਂ ਖੁਰਦ ਦੇ ਨੌਜਵਾਨ ਕੌਰ ਸਿੰਘ ਜੋ ਕਿ ਕਿੱਤੇ ਵਜੋਂ ਡਰਾਈਵਰ ਸੀ,ਦੀ ਆਪਣੇ ਘਰ ਵਿਖੇ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਮੌਕੇ ‘ਤੇ ਹੀ ਮੌਤ ਹੋ ਜਾਣ ਦੀ ਦੁੱਖਦਾਇਕ ਖਬਰ ਮਿਲੀ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਕੌਰ ਸਿੰਘ ਪੁੱਤਰ ਨਾਜਰ ਸਿੰਘ ਕਿੱਤੇ ਵਜੋਂ ਡਰਾਈਵਰ ਸੀ।ਉਹ ਘਰ ਦੀ ਅਤਿ ਆਰਥਿਕ ਤੰਗੀ ਕਾਰਨ ਬਹੁਤ ਹੀ ਛੋਟੀ ਉਮਰ ਵਿੱਚ ਡਰਾਈਵਰ ਬਣ ਗਿਆ ਸੀ ਤੇ ਕੁਝ ਸਮਾਂ ਪਹਿਲਾਂ ਹੀ ਉਸਦੀ ਮਾਤਾ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਘਰ ਵਿੱਚ ਸਿਰਫ ਉਸ ਦਾ ਬਜ਼ੁਰਗ ਪਿਤਾ ਹੈ ਜੋ ਕਿ ਉਸ ਦੇ ਨਾਲ ਰਹਿੰਦਾ ਹੈ ਜਦਕਿ ਮ੍ਰਿਤਕ ਦਾ ਵੱਡਾ ਭਰਾ ਚਮਕੌਰ ਸਿੰਘ ਆਪਣੇ ਪੁੱਤਰ ਨਾਲ਼ ਅਲੱਗ ਤੌਰ ‘ਤੇ ਰਹਿੰਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕੌਰ ਸਿੰਘ ਦੀ ਅਚਾਨਕ ਹੋਈ ਮੌਤ ਨੇ ਬਜ਼ੁਰਗ ਪਿਤਾ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ ਕਿਉਂਕਿ ਮ੍ਰਿਤਕ ਕੌਰ ਸਿੰਘ ਦਾ ਵਿਆਹ ਨਹੀਂ ਸੀ ਹੋਇਆ ਜਿਸ ਕਰਕੇ ਪਿਤਾ-ਪੁੱਤਰ ਦੋਵੇਂ ਹੀ ਘਰ ਵਿੱਚ ਰਹਿੰਦੇ ਸਨ ਤੇ ਪਿਤਾ ਨੂੰ ਰੋਟੀ ਦਾ ਪ੍ਰਬੰਧ ਵੀ ਆਪਣੀ ਡਰਾਈਵਰ ਦੀ ਡਿਊਟੀ ਤੋਂ ਬਾਅਦ ਮ੍ਰਿਤਕ ਨੌਜਵਾਨ ਹੀ ਕਰਦਾ ਸੀ। ਪਿੰਡ ਦੀ ਪੰਚਾਇਤ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਆਰਥਿਕਤਾ ਨੂੰ ਦੇਖਦਿਆਂ ਉਹਨਾਂ ਦੀ ਮੱਦਦ ਜ਼ਰੂਰ ਕੀਤੀ ਜਾਵੇ।























