

ਸ੍ਰੀਮਾਨ ਜੀ,
28 ਨਵੰਬਰ ਨੂੰ ਕਰਤਾਰਪੁਰ ਸਹਿਬ ਵਿਖੇ ਲਾਂਘੇ ਦਾ ਨੀਂਹ ਪੱਥਰ ਰੱਖਣ ਦੀ ਰਸਮ ਵਿੱਚ ਸ਼ਾਮਲ ਹੋਣ ਲਈ ਤੁਹਾਡੇ ਨਿੱਘੇ ਸੱਦੇ ਨੂੰ ਮੈਂ ਤਹਿ ਦਿਲੋਂ ਸਵੀਕਾਰ ਕਰਦਾ ਹਾਂ। ਇਸ ਇਤਿਹਾਸਕ ਅਵਸਰ ਉੱਤੇ ਮੈਂ ਤੁਹਾਨੂੰ ਮਿਲਣ ਲਈ ਉਤਸੁਕ ਹਾਂ। ਇਸ ਇਤਿਹਾਸਿਕ ਰਸਮ ਵਿੱਚ ਸ਼ਾਮਲ ਹੋਣ ਲਈ ਮੇਰੀ ਅਰਜ਼ੀ ਬਾਹਰੀ ਮਾਮਲਿਆਂ ਬਾਰੇ ਮੰਤਰਾਲੇ ਪਾਸ ਮੰਨਜ਼ੂਰੀ ਲਈ ਦਰਜ ਹੈ।
ਹਰੇਕ ਚੰਗਾ ਕੰਮ ਆਪ ਮੁਹਾਰੇ ਬੋਲਦਾ ਹੈ ਅਤੇ ਨੇਕ ਕਾਰਜ ਆਪਣਾ ਰਾਹ ਆਪ ਬਣਾਉਂਦੇ ਹਨ। ਇਸ ਮਹੱਤਵਪੂਰਨ ਦਿਨ ‘ਤੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜੇਗੀ ਅਤੇ ਉਨ•ਾਂ ਦੇ ਦਿਲ ਸ਼ੁਕਰਗੁਜ਼ਾਰੀ ਅਤੇ ਆਸ਼ਾ ਨਾਲ ਭਰੇ ਹੋਣਗੇ ਕਿਉਂਕਿ ਇਸ ਇਤਿਹਾਸਕ ਗੁਰਦੁਆਰੇ ਵਿਖੇ ਨਤਮਸਤਕ ਹੋਣ ਦੀ ਸਿੱਖਾਂ ਦੀ ਲੰਮੇ ਅਰਸੇ ਤੋਂ ਕਾਮਨਾ ਰਹੀ ਹੈ ਅਤੇ ਹੁਣ ਉਹ ਮੌਕਾ ਆ ਗਿਆ ਹੈ।
ਇਹ ਦਿਨ ਸੱਚਮੁੱਚ ਬਹੁਤ ਮਹੱਤਵਪੂਰਨ ਹੋਵੇਗਾ। ਸਾਡੇ ਦੋਵਾਂ ਮੁਲਕਾਂ ਨੇ ਅੱਗੇ ਹੋ ਕੇ ਇਹ ਪਹਿਲਾ ਕਦਮ ਚੁੱਕਿਆ ਹੈ, ਇਹ ਕਦਮ ਪੁਰਾਣੇ ਮਤਭੇਦ ਭੁਲਾ ਕੇ ਦੋਵਾਂ ਮੁਲਕਾਂ ਦਰਮਿਆਨ ਦਿਲ ਅਤੇ ਦਿਮਾਗ ਦੇ ਦਰਵਾਜ਼ੇ ਖੋਲ•ਣ ਲਈ ਵਧੇਰੇ ਅਹਿਮ ਸਿੱਧ ਹੋਵੇਗਾ। ਇਹ ਕਦਮ ਸਾਡੇ ਲੋਕਾਂ ਨੂੰ ਦੋਵਾਂ ਮੁਲਕਾਂ ਦੀ ਖੁਸ਼ਹਾਲੀ ਲਈ ਅਤੇ ਸ਼ਾਂਤੀ ਦੇ ਰਾਹ ‘ਤੇ ਚੱਲਣ ਲਈ ਸੇਧ ਪ੍ਰਦਾਨ ਕਰੇਗਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸਬੰਧਾਂ ਨੂੰ ਬੜ•ਾਵਾ ਦੇਵੇਗਾ।























