

ਮਾਨਸਾ 20-07-2024 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) :: ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਵਾਤਾਵਰਣ ਸੰਭਾਲਣ ਲਈ ਪ੍ਰਧਾਨ ਹਰੀਸ਼ ਗਰਗ ਦੀ ਅਗਵਾਈ ਹੇਠ ਬਾਬਾ ਭਾਈ ਗੁਰਦਾਸ ਕਲੋਨੀ ਮਾਨਸਾ ਵਿੱਚ ਰੁੱਖ ਲਗਾਏ ਗਏ। ਇਸ ਮੌਕੇ ਤੇ ਕਲੱਬ ਦੇ ਮੁੱਖ ਸਲਾਹਕਾਰ ਸਾਬਕਾ ਗਵਰਨਰ ਪ੍ਰੇਮ ਅਗਰਵਾਲ ਨੇ ਕਿਹਾ ਕਿ ਰੋਟਰੀ ਜ਼ਿਲ੍ਹਾ 3090 ਵੱਲੋਂ ਸਾਵਨ ਦਾ ਮਹੀਨਾ ਵਾਤਾਵਰਣ ਦੀ ਸੰਭਾਲ ਅਤੇ ਰੁੱਖ ਲਗਾਉਣ ਲਈ ਮੁੱਖ ਰੱਖਿਆ ਗਿਆ ਹੈ ਕਿਉਂਕਿ ਮਾਨਸੂਨ ਦਾ ਸੀਜ਼ਨ ਵਾਤਾਵਰਣ ਨੂੰ ਹਰਾ ਭਰਾ ਅਤੇ ਸਾਫ ਸੁਥਰਾ ਰੱਖਣ ਲਈ ਪੂਰਾ ਸਹਿਯੋਗ ਕਰਦਾ ਹੈ। ਕਲੱਬ ਦੇ ਪ੍ਰਧਾਨ ਹਰੀਸ਼ ਗਰਗ ਨੇ ਕਿਹਾ ਕਿ ਇਹ ਵਨ ਮਹਾਂਉਤਸਵ ਹਰੇ ਭਰੇ ਵਾਤਾਵਰਣ ਦੀ ਜਰੂਰਤ ਨੂੰ ਸਮਝਦਿਆਂ ਸਾਡੀ ਇੱਕ ਸਮਾਜਿਕ ਜਿੰਮੇਵਾਰੀ ਵੱਲ ਵਧਦਾ ਹੋਇਆ ਕਦਮ ਵੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਹਤਮੰਦ ਜੀਵਨ ਅਤੇ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ ਅਤੇ ਇਹ ਪੇੜ ਪੌਦੇ ਨਾ ਸਿਰਫ ਵਾਤਾਵਰਣ ਦੀ ਸੁੰਦਰਤਾ ਨੂੰ ਵਧਾਉਣਗੇ ਸਗੋਂ ਇਸ ਦੇ ਨਾਲ ਹੀ ਹਵਾ ਦੀ ਗੁਣਵੱਤਾ ਵਿੱਚ ਵੀ ਸੁਧਾਰ ਲਿਆਉਣਗੇ।

ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਬੱਚੇ ਹੱਸਦੇ ਹੋਏ ਅਤੇ ਪੇੜ ਪੌਦੇ ਹਰੇ ਭਰੇ ਹੀ ਸੋਹਣੇ ਲੱਗਦੇ ਹਨ ਸਾਨੂੰ ਪੌਦਿਆਂ ਦੀ ਸੰਭਾਲ ਵੀ ਬੱਚਿਆਂ ਵਾਂਗ ਕਰਨੀ ਚਾਹੀਦੀ ਹੈ ਤਾਂ ਹੀ ਇਹ ਪੇੜ ਦਾ ਰੂਪ ਧਾਰਨ ਕਰਦੇ ਹਨ। ਪ੍ਰੋਜੈਕਟ ਚੇਅਰਮੈਨ ਕਮਨ ਜੌਨੀ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਰੋਟਰੀ ਵੱਲੋਂ ਕੀਤੇ ਜਾਣ ਵਾਲੇ ਕੰਮਾ ਵਿੱਚੋਂ ਇੱਕ ਅਹਿਮ ਹਿੱਸਾ ਹੈ ਸਾਰੀਆਂ ਕਲੱਬਾਂ ਵੱਲੋਂ ਰੁੱਖ ਲਗਾ ਕੇ ਅਪਣੇ ਆਉਣ ਵਾਲੇ ਭਵਿੱਖ ਨੂੰ ਹਰਾ ਭਰਾ ਭਵਿੱਖ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਅੰਤ ਵਿੱਚ ਸੰਜੀਵ ਅਰੋੜਾ ਨੇ ਸਭ ਦਾ ਧੰਨਵਾਦ ਕੀਤਾ। ਕਲੋਨੀ ਨਿਵਾਸੀਆਂ ਵੱਲੋਂ ਪੌਦਿਆਂ ਦੀ ਦੇਖ ਰੇਖ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਤੇ ਪ੍ਰਧਾਨ ਹਰੀਸ਼ ਗਰਗ, ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਡਾਕਟਰ ਜਨਕ ਰਾਜ ਸਿੰਗਲਾ, ਰਮੇਸ਼ ਜਿੰਦਲ, ਜਗਦੀਸ਼ ਜੋਗਾ, ਸੰਜੀਵ ਅਰੋੜਾ, ਅਮਿਤ ਗੋਇਲ, ਪਰਮਿੰਦਰ ਨੋਨੀ, ਪੁਨੀਤ ਗੋਇਲ, ਕਮਨ ਜੌਨੀ, ਰੋਹਿਤ ਬਾਂਸਲ, ਦੀਪਕ ਗੋਇਲ, ਭੂਸ਼ਣ ਜਿੰਦਲ ਆਦਿ ਮੈਂਬਰ ਹਾਜ਼ਰ ਸਨ























