

ਮਾਨਸਾ, 24 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ) -ਪਿੰਡ ਜੱਸੜਵਾਲ ਦੇ ਮਾਂ ਪੁੱਤ ਦੀ ਪੁਲਸ ਵਲੋਂ ਕਥਿਤ ਤੌਰ ਤੇ ਕੁੱਟਮਾਰ ਦਾ ਮਾਮਲਾ ਭਖ ਗਿਆ ਹੈ। ਇਸ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਨੇ 28 ਜੂਨ ਨੂੰ ਮੀਟਿੰਗ ਬੁਲਾ ਲਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕਿਸਾਨ ਮਾਂ ਪੁੱਤ ਦੀ ਕੁੱਟਮਾਰ ਕਰਨ ਵਾਲੇ ਏ.ਐਸ.ਆਈ ਸਮੇਤ ਹੋਰਾਂ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਮਾਂ ਪੁੱਤ ਨੂੰ ਜਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਿੰਡ ਜੱਸੜਵਾਲ ਦੇ ਗੁਰਪ੍ਰੀਤ ਸਿੰਘ ਅਤੇ ਉਸ ਦੀ ਮਾਂ ਗੁਰਮੀਤ ਕੌਰ ਵਲੋਂ ਆਪਣੀ ਮੰਗ ਨੂੰ ਲੈ ਕੇ ਖੇਤ ਵਿਚੋਂ ਲਾਂਘਾ ਮੰਗਿਆ ਜਾ ਰਿਹਾ ਸੀ। ਜਿਸ ਸਬੰਧੀ ਉਨ੍ਹਾਂ ਭੀਖੀ ਪੁਲਸ ਨੂੰ ਵੀ ਸੂਚਨਾ ਦਿੱਤੀ ਸੀ ਪਰ ਜਦੋਂ ਮਾਂ ਪੁੱਤ ਆਪਣੇ ਖੇਤ ਵਿਚ ਗੇੜਾ ਮਾਰਨ ਗਏ ਤਾਂ ਉਥੇ ਦੂਜੀ ਧਿਰ ਨੇ ਕੁੱਝ ਵਿਅਕਤੀ ਬੁਲਾ ਲਏ, ਜਿਨ੍ਹਾਂ ਨੇ ਮਾਂ ਪੁੱਤ ਦੀ ਕੁੱਟਮਾਰ ਕੀਤੀ। ਕਿਸਾਨਾਂ ਦਾ ਦੋਸ਼ ਹੈ ਕਿ ਇਸ ਦੌਰਾਨ ਭੀਖੀ ਪੁਲਸ ਦਾ ਇਕ ਏ.ਐਸ.ਆਈ ਵੀ ਝਗੜੇ ਵਿਚ ਪਹੁੰਚਿਆ ਤੇ ਉਸ ਨੇ ਮਾਂ ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਵਿਚ ਉਨ੍ਹਾਂ ਦੇ ਸੱਟਾਂ ਲੱਗੀਆਂ। ਪੁਲਸ ਨੇ ਵੀ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਜਖ਼ਮੀ ਮਾਂ ਪੁੱਤ ਨੂੰ ਸਿਵਲ ਹਸਪਤਾਲ ਮਾਨਸਾ ਦਾਖਲ ਕਰਵਾਇਆ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੁੱਝ ਵਿਅਕਤੀਆਂ ਅਤੇ ਪੁਲਸ ਨੇ ਮਾਂ ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਨ੍ਹਾਂ ਦੇ ਥੱਪੜ, ਲੱਤਾਂ ਅਤੇ ਢਿੱਡ ਵਿਚ ਡੰਡੇ ਮਾਰੇ ਹਨ। ਉਨ੍ਹਾਂ ਮੰਗ ਕੀਤੀ ਕਿ ਏ.ਐਸ.ਆਈ ਸਮੇਤ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਤੇ ਭੀਖੀ ਪੁਲਸ ਕਾਰਵਾਈ ਕਰੇ। ਜੱਥੇਬੰਦੀ ਦੇ ਪ੍ਰੈਸ ਸਕੱਤਰ ਮਨਜੀਤ ਸਿੰਘ ਊਲਕ ਨੇ ਦੱਸਿਆ ਕਿ ਇਸ ਘਟਨਾ ਦੀ ਸਾਰੀ ਵੀਡੀਓ ਥਾਣਾ ਭੀਖੀ ਮੁਖੀ ਨੂੰ ਭੇਜ ਦਿੱਤੀ ਹੈ ਅਤੇ ਇਸ ਸਬੰਧੀ 28 ਜੂਨ ਨੂੰ ਇਕ ਮੀਟਿੰਗ ਬੁਲਾਈ ਗਈ ਹੈ। ਕਾਰਵਾਈ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬਲਜੀਤ ਸਿੰਘ ਘਰਾਂਗਣਾ, ਹਰਜਿੰਦਰ ਕੌਰ ਮਾਨਸਾ, ਜੱਸ ਸਿੰਘ ਨੰਬਰਦਾਰ ਜੱਸੜਵਾਲ, ਲੱਖਾ ਸਿੰਘ ਰੱਲਾ ਆਦਿ ਹਾਜ਼ਰ ਸਨ।
ਉਧਰ ਥਾਣਾ ਭੀਖੀ ਦੇ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਖੇਤ ਦੇ ਰਾਹ ਨੂੰ ਲੈ ਕੇ ਦੋ ਧਿਰਾਂ ਵਿਚ ਆਪਸੀ ਝਗੜਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ ਹੈ ਉਸ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।























