

ਬੋਹਾ, (ਸਾਰਾ ਯਹਾਂ/ਮੇਹਤਾ ਅਮਨ) : ਸਥਾਨਕ ਬੱਸ ਸਟੈਂਡ ਦੇ ਨਜਦੀਕ ਬਣ ਰਹੀ ਇੱਕ ਇਮਾਰਤ ਦੀ ਦੂਸਰੀ ਮੰਜਿਲ ਦੀ ਛੱਤ ਪੈਣ ਦੌਰਾਨ ਬਿਜਲੀ ਕਰੰਟ ਲੱਗਣ ਕਾਰਨ ਇੱਕ ਮਜਦੂਰ ਦੀ ਮੌਤ ਅਤੇ ਇੱਕ ਦੇ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੱਕ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਜਿਸ ਦੌਰਾਨ ਸਵੇਰੇ ਦਿਨ ਚੜ੍ਹਨ ਸਾਰ ਮਜਦੂਰਾਂ ਵੱਲੋਂ ਲੈਂਟਰ ਪਾਉਣ ਵਾਲੀ ਮਸ਼ੀਨ ਨੂੰ ਫਿੱਟ ਕੀਤਾ ਜਾ ਰਿਹਾ ਸੀ ਜਿਸ ਕਾਰਨ ਉਪਰੋਂ ਲੰਘਦੀਆਂ ਹਾਈਵੋਲਟੇਜ ਤਾਰਾਂ ਨੇ ਦਿਹਾੜੀਦਾਰ ਮਜਦੂਰ ਸੁਖਜਿੰਦਰ ਸਿੰਘ ਅਤੇ ਜੀਵਨ ਸਿੰਘ ਨੂੰ ਆਪਣੇ ਝਪੇਟ ਵਿੱਚ ਲੈ ਲਿਆ। ਕਰੰਟ ਲੱਗਣ ਕਾਰਨ ਸੁਖਜਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਜੀਵਨ ਸਿੰਘ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਮਾਰਤ ਦੇ ਮਾਲਕ ਵੱਲੋਂ ਬਿਜਲੀ ਬੋਰਡ ਨੂੰ ਜਾਣੂ ਕਰਵਾਏ ਜਾਂ ਬਿਨ੍ਹਾਂ ਮਨਜੂਰੀ ਤੋਂ ਕੀਤੇ ਜਾ ਰਹੇ ਕੰਮ ਕਾਰਨ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਇਆ ਹੈ। ਜੇਕਰ ਬਿਜਲੀ ਮਹਿਕਮੇ ਨੂੰ ਜਾਣੂ ਕਰਵਾ ਕੇ ਕੰਮ ਕੀਤਾ ਜਾਂਦਾ ਤਾਂ ਇਮਾਰਤ ਦੀ ਉਸਾਰੀ ਲਈ ਤਾਰਾਂ ਦਾ ਹੱਲ ਕਰਦਿਆਂ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ। ਥਾਣਾ ਪੁਲਿਸ ਬੋਹਾ ਵੱਲੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਤੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।























